ਲੰਡਨ, 19 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਯੂ.ਕੇ. ਦੌਰੇ ਦੇ ਚੱਲਦਿਆਂ ਸਨਿਚਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਵੀ ਕੀਤੀ ਜਿਸ ’ਚ ਖ਼ਾਲਸਾ ਪੰਥ, ਪੰਜਾਬ ਅਤੇ ਨੌਜਵਾਨਾਂ ਦੀ ਚੜ੍ਹਦੀ ਕਲਾ ਤੇ ਇਕਜੁੱਟਤਾ ਸਬੰਧੀ ਵਿਚਾਰਾਂ ਹੋਈਆਂ। ਉਨ੍ਹਾਂ ਵੱਲੋਂ ਜਥੇਦਾਰ ਗੜਗੱਜ ਨੂੰ ਕੁਝ ਅਹਿਮ ਸੁਝਾਅ ਦਿੱਤੇ ਗਏ ਅਤੇ ਸਿੰਘ ਸਾਹਿਬ ਨੇ ਗੁਰੂ ਘਰ ਦੇ ਪ੍ਰਬੰਧਕਾਂ ਤੇ ਹਾਜ਼ਰ ਸਿੱਖ ਚਿੰਤਕਾਂ ਨੂੰ ਇਹ ਸੁਝਾਅ ਵਿਸਥਾਰ ’ਚ ਲਿਖਤੀ ਤੌਰ ਉੱਤੇ ਵੀ ਭੇਜਣ ਲਈ ਆਖਿਆ। ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਤੇ ਸਟੇਜ ਸਕੱਤਰ ਮਨਜੀਤ ਸਿੰਘ ਨੇ ਜਥੇਦਾਰ ਗੜਗੱਜ ਦਾ ਯੂ.ਕੇ. ਪੁੱਜਣ ਉੱਤੇ ਸੁਆਗਤ ਕੀਤਾ। ਉਨ੍ਹਾਂ ਜਥੇਦਾਰ ਗੜਗੱਜ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣਾ ਇਤਿਹਾਸ ਜ਼ਰੂਰ ਪੜ੍ਹਨ ਤੇ ਉਸ ਦੀ ਰੋਸ਼ਨੀ ਤੇ ਸਿੱਖਿਆ ’ਚ ਕਾਰਜ ਕਰਨ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਸਮਝਣ ਪੰਥ ਅਤੇ ਪੰਜਾਬ ਨੂੰ ਇਸ ਅਨੁਸਾਰ ਤਕੜਾ ਕਰਨ। ਉਨ੍ਹਾਂ ਸਿੱਖਾਂ ਨੂੰ ਕੇਂਦਰੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੀਤੀ ਜਾ ਰਹੀਆਂ ਸਾਜ਼ਸ਼ਾਂ ਤੋਂ ਸੁਚੇਤ ਰਹਿਣ ਦੀ ਤਾਕੀਦ ਕੀਤੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਜਨਰਲ ਸਕੱਤਰ ਸੁਰਿੰਦਰ ਸਿੰਘ ਢੱਟ, ਸਟੇਜ ਸਕੱਤਰ ਮਨਜੀਤ ਸਿੰਘ, ਸਟੇਜ ਸਕੱਤਰ ਸਤਨਾਮ ਸਿੰਘ ਚੌਹਾਨ, ਜਸਕਰਨ ਸਿੰਘ ਮੀਡੀਆ ਸਲਾਹਕਾਰ, ਪਤਵੰਤੇ ਸੱਜਣ ਸੁਖਦੀਪ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖੀ, ਗੁਰਸ਼ਰਨ ਸਿੰਘ ਮੰਡ, ਬੀਬੀ ਸਰਬਜੀਤ ਕੌਰ, ਸਰਬਜੀਤ ਸਿੰਘ ਤੇ ਹੋਰ ਹਾਜ਼ਰ ਸਨ।