ਨਿਊਯਾਰਕ, 19 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਪੂਰਬੀ ਤੱਟ ਸਮੇਤ ਕਈ ਹਿੱਸਿਆਂ ’ਚ ਆਏ ਸ਼ਕਤੀਸ਼ਾਲੀ ਤੂਫ਼ਾਨਾਂ, ਭਾਰੀ ਮੀਂਹ, ਤੇਜ਼ ਹਵਾਵਾਂ, ਅਚਾਨਕ ਹੜ੍ਹਾਂ ਦੇ ਖ਼ਤਰੇ ਤੇ ਜੰਗਲੀ ਅੱਗ ਦੇ ਧੂੰਏਂ ਨੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। 18 ਜੁਲਾਈ ਨੂੰ ਅਮਰੀਕਾ ਦੇ ਅੰਦਰ, ਦੇਸ਼ ਵਿਚ ਆਉਣ ਵਾਲੀਆਂ ਜਾਂ ਅਮਰੀਕਾ ਤੋਂ ਰਵਾਨਾ ਹੋਣ ਵਾਲੀਆਂ 2,364 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ 8,480 ਉਡਾਣਾਂ ਦੇਰੀ ਨਾਲ ਚੱਲੀਆਂ। ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਘੰਟਿਆਂ ਤੱਕ ਫਸੇ ਰਹੇ। ਕਈ ਲੋਕਾਂ ਦੀਆਂ ਅਗਲੀਆਂ ਉਡਾਣਾਂ ਛੁੱਟ ਗਈਆਂ, ਜਦਕਿ ਹੋਰਨਾਂ ਨੂੰ ਆਪਣਾ ਪੂਰਾ ਯਾਤਰਾ ਪ੍ਰੋਗਰਾਮ ਬਦਲਣਾ ਪਿਆ। ਮੌਸਮ ਕੁਝ ਸੁਧਰਨ ਦੇ ਬਾਵਜੂਦ ਜਹਾਜ਼ਾਂ ਅਤੇ ਹਵਾਈ ਅਮਲੇ ਦੇ ਨਿਰਧਾਰਤ ਥਾਵਾਂ ਤੋਂ ਦੂਰ ਹੋਣ ਕਾਰਨ ਇਸਦਾ ਅਸਰ 19 ਜੁਲਾਈ ਦੀਆਂ ਉਡਾਣਾਂ ਉੱਤੇ ਵੀ ਪੈਣ ਦਾ ਖ਼ਦਸ਼ਾ ਬਣਿਆ ਰਿਹਾ। ਨਿਊਯਾਰਕ ਦੇ ਜੌਨ ਐੱਫ਼. ਕੈਨੇਡੀ, ਲਾਗਾਰਡੀਆ, ਵੈਸਟਚੈਸਟਰ ਅਤੇ ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ਤੂਫ਼ਾਨੀ ਮੌਸਮ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਗਰਜ-ਚਮਕ, ਤੇਜ਼ ਮੀਂਹ ਅਤੇ ਘੱਟ ਦਿੱਖ ਕਾਰਨ ਉਡਾਣਾਂ ਦੀ ਆਵਾਜਾਈ ਨੂੰ ਵਾਰ-ਵਾਰ ਹੌਲੀ ਜਾਂ ਅਸਥਾਈ ਤੌਰ ’ਤੇ ਰੋਕਣਾ ਪਿਆ। ਜੰਗਲੀ ਅੱਗ ਦੇ ਧੂੰਏਂ ਨੇ ਵੀ ਨਿਊਯਾਰਕ ਖੇਤਰ ਦੀ ਹਵਾ ਅਤੇ ਦਿੱਖ ਨੂੰ ਪ੍ਰਭਾਵਿਤ ਕੀਤਾ ਹੈ।