ਗਲਾਸਗੋ, 21 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਅਤੇ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵਿਨੀ ਵਿਚਕਾਰ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਟੈਲੀਫੋਨ ਗੱਲਬਾਤ ਹੋਈ, ਜਿਸ ਦੌਰਾਨ ਸਕਾਟਲੈਂਡ ਦੇ ਪਹਿਲੇ ਮੰਤਰੀ ਨੇ ਸਕਾਟਲੈਂਡ ਦੀ ਆਜ਼ਾਦੀ ਦਾ ਮੁੱਦਾ ਵੀ ਉਠਾਇਆ। ਪਰ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਮਾਮਲੇ ’ਤੇ ਉਹਨਾਂ ਨੂੰ ਅਸਹਿਮਤ ਰਹਿਣਾ ਪਵੇਗਾ। ਜੌਨ ਸਵਿਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਸਕਾਟਿਸ਼ ਸੰਸਦ ਵਿੱਚ ਆਜ਼ਾਦੀ ਦੇ ਹੱਕ ਵਿੱਚ ਬਹੁਮਤ ਮੌਜੂਦ ਹੈ ਅਤੇ ਇਸ ਮਸਲੇ ’ਤੇ ਰਚਨਾਤਮਕ ਗੱਲਬਾਤ ਅੱਗੇ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਰਨਹਮ ਨੂੰ ਜਲਦ ਤੋਂ ਜਲਦ ਸਕਾਟਲੈਂਡ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ।ਪ੍ਰਧਾਨ ਮੰਤਰੀ ਬਰਨਹਮ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਸੰਵਿਧਾਨਕ ਬਹਿਸ ਦੀ ਬਜਾਏ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਮਹਿੰਗਾਈ, ਊਰਜਾ ਬਿੱਲਾਂ ਵਿੱਚ ਕਮੀ ਅਤੇ ਆਰਥਿਕ ਵਿਕਾਸ ’ਤੇ ਹੈ। ਉਨ੍ਹਾਂ ਕਿਹਾ ਕਿ ਸਕਾਟਲੈਂਡ ਦੀ ਆਜ਼ਾਦੀ ਦਾ ਮੁੱਦਾ ਇਸ ਵੇਲੇ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਨਹੀਂ ਹੈ। ਹਾਲਾਂਕਿ ਦੋਵੇਂ ਨੇਤਾ ਆਜ਼ਾਦੀ ਦੇ ਮੁੱਦੇ ’ਤੇ ਸਹਿਮਤ ਨਹੀਂ ਹੋਏ, ਪਰ ਸਰੋਤਾਂ ਮੁਤਾਬਕ ਬਾਕੀ ਗੱਲਬਾਤ ਸਕਾਰਾਤਮਕ ਅਤੇ ਨਿੱਘੇ ਮਾਹੌਲ ਵਿੱਚ ਹੋਈ। ਦੋਵਾਂ ਨੇ ਸਾਂਝੇ ਤੌਰ ’ਤੇ ਮਹਿੰਗਾਈ ਨਾਲ ਨਜਿੱਠਣ, ਊਰਜਾ ਖ਼ਰਚੇ ਘਟਾਉਣ ਅਤੇ ਲੋਕਾਂ ਦੀ ਭਲਾਈ ਲਈ ਦੋਵਾਂ ਸਰਕਾਰਾਂ ਵਿਚਕਾਰ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਸਥਾਨਕ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਰਕਾਰ ਹੈ, ਜੋ ਕਿ ਸਕਾਟਲੈਂਡ ਦੀ ਅਜ਼ਾਦੀ ਨੂੰ ਮੁੱਖ ਮੁੱਦਾ ਬਣਾ ਕੇ ਪਿਛਲੇ 19 ਸਾਲਾਂ ਤੋਂ ਸਕਾਟਲੈਂਡ ਵਿੱਚ ਆਪਣੀ ਸਰਕਾਰ ਚਲਾ ਰਹੀ ਹੈ ਅਤੇ ਸਮੇਂ ਸਮੇਂ ‘ਤੇ ਸਕਾਟਲੈਂਡ ਦੀ ਅਜ਼ਾਦੀ ਦਾ ਰਾਗ ਅਲਾਪਦੀ ਰਹਿੰਦੀ ਹੈ।