ਧੋਖਾਧੜੀ ਦੇ ਦੋਸ਼ ’ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ’ਚ ਬਜ਼ੁਰਗਾਂ ਨੂੰ ਡਰਾ ਕੇ ਨਕਦੀ ਤੇ ਸੋਨਾ ਹਾਸਲ ਕਰਨ ਵਾਲੀ ਵੱਡੀ ਠੱਗੀ ’ਚ ਕਥਿਤ ਤੌਰ ’ਤੇ ਵਿਚੋਲੇ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹੇਠ 21 ਸਾਲਾ ਭਾਰਤੀ ਨਾਗਰਿਕ ਜੈ ਸੁਨੀਲਭਾਰਥੀ ਗੋਸਵਾਮੀ ਨੂੰ ਕੈਨੇਡਾ ਦੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਨਾਲ ਸਬੰਧਤ ਗੋਸਵਾਮੀ ਨਿਊ ਜਰਸੀ ਦੇ ਜਰਸੀ ਸਿਟੀ ’ਚ ਰਹਿੰਦਾ ਸੀ।
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ’ਚ ਬਜ਼ੁਰਗਾਂ ਨੂੰ ਡਰਾ ਕੇ ਨਕਦੀ ਤੇ ਸੋਨਾ ਹਾਸਲ ਕਰਨ ਵਾਲੀ ਵੱਡੀ ਠੱਗੀ ’ਚ ਕਥਿਤ ਤੌਰ ’ਤੇ ਵਿਚੋਲੇ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹੇਠ 21 ਸਾਲਾ ਭਾਰਤੀ ਨਾਗਰਿਕ ਜੈ ਸੁਨੀਲਭਾਰਥੀ ਗੋਸਵਾਮੀ ਨੂੰ ਕੈਨੇਡਾ ਦੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਨਾਲ ਸਬੰਧਤ ਗੋਸਵਾਮੀ ਨਿਊ ਜਰਸੀ ਦੇ ਜਰਸੀ ਸਿਟੀ ’ਚ ਰਹਿੰਦਾ ਸੀ। ਅਮਰੀਕੀ ਅਟਾਰਨੀ ਦਫ਼ਤਰ ਤੇ ਆਈ.ਆਰ.ਐੱਸ. ਦੀ ਅਪਰਾਧਿਕ ਜਾਂਚ ਇਕਾਈ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਬਜ਼ੁਰਗਾਂ ਨਾਲ ਫੋਨ ਜਾਂ ਇੰਟਰਨੈੱਟ ਰਾਹੀਂ ਸੰਪਰਕ ਕਰਦੇ ਸਨ। ਉਨ੍ਹਾਂ ਨੂੰ ਝੂਠਾ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦੇ ਬੈਂਕ ਖਾਤੇ, ਪੈਸੇ ਜਾਂ ਨਿੱਜੀ ਜਾਣਕਾਰੀ ਖ਼ਤਰੇ ਵਿੱਚ ਹੈ। ਇਸ ਤੋਂ ਬਾਅਦ ਗਰੋਹ ਦੇ ਮੈਂਬਰ ਪੁਲਿਸ ਜਾਂ ਸਰਕਾਰੀ ਅਧਿਕਾਰੀ ਬਣ ਕੇ ਪੀੜਤਾਂ ਨੂੰ ਆਪਣੀ ਜਮ੍ਹਾਂ ਪੂੰਜੀ ਨਕਦੀ, ਸੋਨੇ ਜਾਂ ਗਿਫ਼ਟ ਕਾਰਡਾਂ ’ਚ ਬਦਲਣ ਲਈ ਮਜਬੂਰ ਕਰਦੇ ਸਨ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ ਗੋਸਵਾਮੀ ਗਰੋਹ ਲਈ ਪੈਸੇ ਤੇ ਸੋਨਾ ਇਕੱਠਾ ਕਰਨ ਵਾਲੇ ਵਿਚੋਲੇ ਵਜੋਂ ਕੰਮ ਕਰਦਾ ਸੀ। ਉਸ ਤੇ ਨਿਊਯਾਰਕ ਤੇ ਨਿਊ ਜਰਸੀ ਦੇ ਘੱਟੋ-ਘੱਟ 9 ਬਜ਼ੁਰਗਾਂ ਤੋਂ ਨਕਦੀ ਤੇ ਸੋਨਾ ਲੈਣ ਜਾਂ ਇਸ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਹੈ। 59 ਤੋਂ 87 ਸਾਲ ਉਮਰ ਦੇ 9 ਪੀੜਤਾਂ ਨੂੰ ਕੁੱਲ ਕਰੀਬ 75 ਲੱਖ 59 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ। ਅਧਿਕਾਰੀਆਂ ਦਾ ਦਾਅਵਾ ਹੈ ਕਿ ਗੋਸਵਾਮੀ ਨੇ ਅਮਰੀਕਾ ਵਿਚ ਇਕ ਬੈਂਕ ਖਾਤਾ ਖੋਲ੍ਹ ਕੇ ਅਗਸਤ 2025 ਤੋਂ ਅਪ੍ਰੈਲ 2026 ਵਿਚਕਾਰ 90 ਹਜ਼ਾਰ ਡਾਲਰ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਵਾਈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਰਕਮ ਉਸ ਨੂੰ ਠੱਗੀ ਗਰੋਹ ਲਈ ਵਿਚੋਲੇ ਵਜੋਂ ਕੰਮ ਕਰਨ ਬਦਲੇ ਮਿਲੀ ਸੀ। ਗੋਸਵਾਮੀ ਨੂੰ 17 ਅਗਸਤ ਨੂੰ ਅਮਰੀਕੀ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਕੁਝ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਸੀ। ਅਗਲੇ ਦਿਨ ਉਹ ਪੀਸ ਬ੍ਰਿਜ ਰਾਹੀਂ ਕੈਨੇਡਾ ਚਲਾ ਗਿਆ ਅਤੇ ਟੋਰਾਂਟੋ ਤੋਂ ਕਤਰ ਦੀ ਰਾਜਧਾਨੀ ਦੋਹਾ ਜਾਣ ਵਾਲੀ ਉਡਾਣ ਬੁੱਕ ਕਰਵਾਈ। ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਉਸ ਨੂੰ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿਚ ਅਮਰੀਕਾ ਦੀ ਬੇਨਤੀ ’ਤੇ ਹਵਾਲਗੀ ਦੀ ਕਾਰਵਾਈ ਲਈ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਗੋਸਵਾਮੀ ਵਿਰੁੱਧ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਠੱਗੀ, ਠੱਗੀ ਦੀ ਸਾਜ਼ਿਸ਼, ਗੈਰਕਾਨੂੰਨੀ ਪੈਸੇ ਦੀ ਹੇਰਾਫੇਰੀ ਅਤੇ ਇਸ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ। ਦੋਸ਼ ਸਾਬਤ ਹੋਣ ’ਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। ਫਿਲਹਾਲ ਇਹ ਸਿਰਫ਼ ਦੋਸ਼ ਹਨ ਅਤੇ ਅਦਾਲਤੀ ਫ਼ੈਸਲਾ ਆਉਣ ਤੱਕ ਉਸ ਨੂੰ ਬੇਕਸੂਰ ਮੰਨਿਆ ਜਾਵੇਗਾ।