ਬਜ਼ੁਰਗਾਂ ਨੂੰ ਠੱਗੀ ਦਾ ਨਿਸ਼ਾਨਾ ਬਣਾਉਣ ਵਾਲੇ 2 ਭਾਰਤੀਆਂ ਨੇ ਕਬੂਲੇ ਦੋਸ਼, ਪੰਜ-ਪੰਜ ਸਾਲ ਦੀ ਮੁਅੱਤਲ ਸਜ਼ਾ
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਅਰਕਨਸਾਸ ਸੂਬੇ ’ਚ ਬਜ਼ੁਰਗਾਂ ਨੂੰ ‘ਪੈ-ਪਲ’ ਰਿਫੰਡ ਠੱਗੀ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਵਿੱਚ 2 ਭਾਰਤੀ ਨਾਗਰਿਕਾਂ ਨੇ ਗੰਭੀਰ ਦੋਸ਼ ਕਬੂਲ ਲਏ ਹਨ। ਗਜੇਰਾ ਪ੍ਰਸ਼ਾਂਤ ਅਤੇ ਧਾਰਾਬੇਨ ਬਵਾਡੀਆ ਨੂੰ ਅਦਾਲਤ ਨੇ ਪੰਜ-ਪੰਜ ਸਾਲ ਦੀ ਮੁਅੱਤਲ ਸਜ਼ਾ ਸੁਣਾਈ ਹੈ।
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਅਰਕਨਸਾਸ ਸੂਬੇ ’ਚ ਬਜ਼ੁਰਗਾਂ ਨੂੰ ‘ਪੈ-ਪਲ’ ਰਿਫੰਡ ਠੱਗੀ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਵਿੱਚ 2 ਭਾਰਤੀ ਨਾਗਰਿਕਾਂ ਨੇ ਗੰਭੀਰ ਦੋਸ਼ ਕਬੂਲ ਲਏ ਹਨ। ਗਜੇਰਾ ਪ੍ਰਸ਼ਾਂਤ ਅਤੇ ਧਾਰਾਬੇਨ ਬਵਾਡੀਆ ਨੂੰ ਅਦਾਲਤ ਨੇ ਪੰਜ-ਪੰਜ ਸਾਲ ਦੀ ਮੁਅੱਤਲ ਸਜ਼ਾ ਸੁਣਾਈ ਹੈ। ਪੁਲਿਸ ਮੁਤਾਬਕ ਇਸ ਠੱਗੀ ਵਿੱਚ ਬਜ਼ੁਰਗਾਂ ਨੂੰ ਝੂਠਾ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦੇ ‘ਪੈ-ਪਲ’ ਖਾਤੇ ਵਿੱਚ ਗਲਤੀ ਨਾਲ ਵੱਧ ਪੈਸੇ ਭੇਜੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ’ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ। ਜੈਂਟਰੀ ਪੁਲਿਸ ਨੇ 21 ਅਪ੍ਰੈਲ ਨੂੰ ਗੁਪਤ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਠੱਗੀ ਦੇ ਪੈਸੇ ਇਕੱਠੇ ਕਰਨ ਵਾਲਾ ਇੱਕ ਵਿਚੋਲਾ 29,500 ਡਾਲਰ ਲੈਣ ਆ ਰਿਹਾ ਹੈ। ਇੱਕ ਪੁਲਿਸ ਅਧਿਕਾਰੀ ਨੇ ਬਜ਼ੁਰਗ ਪੀੜਤ ਦਾ ਭੇਸ ਬਣਾਇਆ ਅਤੇ ਨਕਲੀ ਨੋਟਾਂ ਵਾਲਾ ਡੱਬਾ ਪ੍ਰਸ਼ਾਂਤ ਨੂੰ ਸੌਂਪ ਦਿੱਤਾ। ਮੁਲਜ਼ਮਾਂ ਦੀ ਗੱਡੀ ’ਤੇ ਨਜ਼ਰ ਰੱਖਣ ਲਈ ਡਰੋਨ ਦੀ ਮਦਦ ਵੀ ਲਈ ਗਈ। ਪੁੱਛਗਿੱਛ ਦੌਰਾਨ ਪ੍ਰਸ਼ਾਂਤ ਨੇ ਦੱਸਿਆ ਕਿ ਬਵਾਡੀਆ ਨੇ ਉਸ ਨੂੰ ਪੈਸੇ ਲੈਣ ਵਿੱਚ ਮਦਦ ਕਰਨ ਲਈ ਕਿਹਾ ਸੀ। ਉਸ ਮੁਤਾਬਕ ਬਵਾਡੀਆ ਨੂੰ ਇਸ ਕੰਮ ਬਦਲੇ 300 ਡਾਲਰ ਮਿਲਣੇ ਸਨ ਅਤੇ ਉਸ ਨੂੰ ਪਤਾ ਸੀ ਕਿ ਡੱਬੇ ਵਿੱਚ ਕਰੀਬ 30 ਹਜ਼ਾਰ ਡਾਲਰ ਹਨ। ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਬੈਂਟਨ ਕਾਊਂਟੀ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ਦੀ ਇੱਕ-ਇੱਕ ਲੱਖ ਡਾਲਰ ਦੀ ਜ਼ਮਾਨਤ ਤੈਅ ਕੀਤੀ ਗਈ। ਪ੍ਰਸ਼ਾਂਤ ਨੇ 29 ਜੂਨ ਅਤੇ ਬਵਾਡੀਆ ਨੇ 17 ਅਗਸਤ ਨੂੰ ਜਾਇਦਾਦ ਚੋਰੀ ਅਤੇ ਅਪਰਾਧ ਕਰਨ ਲਈ ਕਿਸੇ ਹੋਰ ਦੀ ਜਾਇਦਾਦ ਦੀ ਬਿਨਾਂ ਮਨਜ਼ੂਰੀ ਵਰਤੋਂ ਕਰਨ ਦੇ ਦੋਸ਼ ਕਬੂਲੇ। ਪੰਜ ਸਾਲ ਦੀ ਮੁਅੱਤਲ ਸਜ਼ਾ ਕਾਰਨ ਦੋਵਾਂ ਨੂੰ ਫਿਲਹਾਲ ਜੇਲ੍ਹ ਨਹੀਂ ਜਾਣਾ ਪਵੇਗਾ, ਪਰ ਅਦਾਲਤੀ ਸ਼ਰਤਾਂ ਤੋੜਨ ’ਤੇ ਇਹ ਸਜ਼ਾ ਲਾਗੂ ਹੋ ਸਕਦੀ ਹੈ।