ਅਮਰੀਕਾ ’ਚ 2 ਲੱਖ ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰਨ ਦੀ ਤਿਆਰੀ
ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਸ਼ਰਨ ਲਈ ਅਰਜ਼ੀ ਦੇਣ ਵਾਲੇ ਕਰੀਬ 2 ਲੱਖ ਵਿਦੇਸ਼ੀਆਂ ਦੇ ਕਾਰੋਬਾਰੀ ਤੇ ਸੈਰ-ਸਪਾਟਾ ਵੀਜ਼ੇ ਰੱਦ ਕਰਨ ਦੀ ਵੱਡੀ ਯੋਜਨਾ ਤਿਆਰ ਕਰ ਰਿਹਾ ਹੈ। ਜੇ ਇਹ ਕਾਰਵਾਈ ਅਮਲ ਵਿਚ ਆਉਂਦੀ ਹੈ ਤਾਂ ਇਹ ਅਮਰੀਕੀ ਇਤਿਹਾਸ ਵਿਚ ਇਕੋ ਸਮੇਂ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਵੀਜ਼ਾ ਰੱਦ ਮੁਹਿੰਮ ਹੋ ਸਕਦੀ ਹੈ।
ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਸ਼ਰਨ ਲਈ ਅਰਜ਼ੀ ਦੇਣ ਵਾਲੇ ਕਰੀਬ 2 ਲੱਖ ਵਿਦੇਸ਼ੀਆਂ ਦੇ ਕਾਰੋਬਾਰੀ ਤੇ ਸੈਰ-ਸਪਾਟਾ ਵੀਜ਼ੇ ਰੱਦ ਕਰਨ ਦੀ ਵੱਡੀ ਯੋਜਨਾ ਤਿਆਰ ਕਰ ਰਿਹਾ ਹੈ। ਜੇ ਇਹ ਕਾਰਵਾਈ ਅਮਲ ਵਿਚ ਆਉਂਦੀ ਹੈ ਤਾਂ ਇਹ ਅਮਰੀਕੀ ਇਤਿਹਾਸ ਵਿਚ ਇਕੋ ਸਮੇਂ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਵੀਜ਼ਾ ਰੱਦ ਮੁਹਿੰਮ ਹੋ ਸਕਦੀ ਹੈ। ਹਾਲਾਂਕਿ ਇਸ ਸੰਭਾਵੀ ਫ਼ੈਸਲੇ ਨੂੰ ਅਦਾਲਤ ਵਿਚ ਚੁਣੌਤੀ ਮਿਲਣ ਦੇ ਆਸਾਰ ਵੀ ਹਨ। ਜਾਣਕਾਰੀ ਮੁਤਾਬਕ ਇਸ ਕਾਰਵਾਈ ਦੇ ਘੇਰੇ ਵਿਚ 2016 ਤੋਂ 2026 ਦੌਰਾਨ ਜਾਰੀ ਹੋਏ ਬੀ-1 ਤੇ ਬੀ-2 ਵੀਜ਼ੇ ਆ ਸਕਦੇ ਹਨ। ਖ਼ਾਸ ਤੌਰ ’ਤੇ ਉਨ੍ਹਾਂ ਵਿਦੇਸ਼ੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕਾਰੋਬਾਰ, ਸੈਰ-ਸਪਾਟੇ, ਪਰਿਵਾਰਕ ਮੁਲਾਕਾਤ ਜਾਂ ਇਲਾਜ ਦੇ ਨਾਂਅ ’ਤੇ ਅਮਰੀਕਾ ਵਿਚ ਦਾਖ਼ਲਾ ਲੈਣ ਤੋਂ ਬਾਅਦ ਸ਼ਰਨ ਲਈ ਅਰਜ਼ੀ ਦਿੱਤੀ। ਅਮਰੀਕੀ ਵਿਦੇਸ਼ ਮੰਤਰਾਲਾ ਗ੍ਰਹਿ ਸੁਰੱਖਿਆ ਵਿਭਾਗ ਨਾਲ ਮਿਲ ਕੇ ਅਜਿਹੇ ਵੀਜ਼ਾ ਧਾਰਕਾਂ ਦੀ ਪਛਾਣ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੌਮੀ ਪਿਗੌਟ ਅਨੁਸਾਰ ਵੀਜ਼ੇ ਇੱਕੋ ਵਾਰ ਰੱਦ ਕਰਨ ਦੀ ਬਜਾਏ ਪੜਾਅਵਾਰ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਪ੍ਰਭਾਵਿਤ ਲੋਕਾਂ ਦੀ ਅੰਤਿਮ ਗਿਣਤੀ ਹਾਲੇ ਨਿਸ਼ਚਿਤ ਨਹੀਂ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਬੀ-1 ਜਾਂ ਬੀ-2 ਵੀਜ਼ਾ ਰੱਦ ਹੋਣ ਦਾ ਮਤਲਬ ਤੁਰੰਤ ਗ੍ਰਿਫ਼ਤਾਰੀ ਜਾਂ ਦੇਸ਼ ਨਿਕਾਲਾ ਨਹੀਂ ਹੋਵੇਗਾ। ਜਿਨ੍ਹਾਂ ਲੋਕਾਂ ਦੇ ਸ਼ਰਨ ਮਾਮਲੇ ਹਾਲੇ ਵਿਚਾਰ ਅਧੀਨ ਹਨ, ਉਨ੍ਹਾਂ ਦੀ ਇਮੀਗ੍ਰੇਸ਼ਨ ਸ਼੍ਰੇਣੀ ਬਦਲੀ ਜਾ ਸਕਦੀ ਹੈ। ਉਨ੍ਹਾਂ ਦੀ ਸ਼ਰਨ ਅਰਜ਼ੀ ’ਤੇ ਕਾਰਵਾਈ ਜਾਰੀ ਰਹਿ ਸਕਦੀ ਹੈ, ਪਰ ਉਹ ਕਾਰੋਬਾਰੀ ਜਾਂ ਸੈਲਾਨੀ ਵੀਜ਼ਾ ਧਾਰਕ ਵਜੋਂ ਆਪਣਾ ਦਰਜਾ ਗੁਆ ਦੇਣਗੇ। ਜ਼ਿਕਰਯੋਗ ਹੈ ਕਿ ਬੀ-1 ਵੀਜ਼ਾ ਮੁੱਖ ਤੌਰ ’ਤੇ ਕਾਰੋਬਾਰੀ ਯਾਤਰਾ ਲਈ ਜਾਰੀ ਹੁੰਦਾ ਹੈ, ਜਦਕਿ ਬੀ-2 ਵੀਜ਼ਾ ਸੈਰ-ਸਪਾਟੇ, ਪਰਿਵਾਰ ਨੂੰ ਮਿਲਣ ਜਾਂ ਇਲਾਜ ਲਈ ਦਿੱਤਾ ਜਾਂਦਾ ਹੈ।