ਮੋਹਨ ਭਾਗਵਤ ਦੇ ਸਮਾਗਮ ਵਿਰੁੱਧ ਮਮਦਾਨੀ, ਬ੍ਰੈਡ ਲੈਂਡਰ ਤੇ ਬਹੁ-ਧਰਮੀ ਜਥੇਬੰਦੀਆਂ ਨੇ ਚੁੱਕੀ ਆਵਾਜ਼
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਮੈਡੀਸਨ ਸਕੁਏਅਰ ਗਾਰਡਨ ਵਿਚ ਹੋਣ ਵਾਲੇ ਸਮਾਗਮ ਵਿਰੁੱਧ ਨਿਊਯਾਰਕ ਵਿਚ ਵਿਰੋਧ ਤੇਜ਼ ਹੋ ਗਿਆ ਹੈ। ਮੇਅਰ ਜ਼ੋਹਰਾਨ ਮਮਦਾਨੀ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਨਾਗਰਿਕ ਅਧਿਕਾਰ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ।
ਸ
ਸਿਟੀਹਾਲ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।
27-08-2026
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਮੈਡੀਸਨ ਸਕੁਏਅਰ ਗਾਰਡਨ ਵਿਚ ਹੋਣ ਵਾਲੇ ਸਮਾਗਮ ਵਿਰੁੱਧ ਨਿਊਯਾਰਕ ਵਿਚ ਵਿਰੋਧ ਤੇਜ਼ ਹੋ ਗਿਆ ਹੈ। ਮੇਅਰ ਜ਼ੋਹਰਾਨ ਮਮਦਾਨੀ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਨਾਗਰਿਕ ਅਧਿਕਾਰ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਮੇਅਰ ਨੇ ਕਿਹਾ ਕਿ ਰੰਗ, ਧਰਮ ਜਾਂ ਵਿਸ਼ਵਾਸ ਦੇ ਆਧਾਰ ਉੱਤੇ ਲੋਕਾਂ ਨੂੰ ਵੰਡਣ ਵਾਲੀ ਸੋਚ ਦਾ ਉਹ ਭਾਰਤੀ-ਅਮਰੀਕੀ ਅਤੇ ਨਿਊਯਾਰਕ ਦੇ ਮੇਅਰ ਦੋਵਾਂ ਰੂਪਾਂ ਵਿਚ ਵਿਰੋਧ ਕਰਦੇ ਹਨ। ਨਿਊਯਾਰਕ ਸਿਟੀ ਹਾਲ ਦੇ ਬਾਹਰ ‘ਨਫ਼ਰਤ ਲਈ ਕੋਈ ਮੰਚ ਨਹੀਂ’ ਦੇ ਨਾਅਰੇ ਹੇਠ ਹੋਏ ਪ੍ਰਦਰਸ਼ਨ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਦਲਿਤ ਅਤੇ ਅੰਤਰ-ਧਰਮ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਨ੍ਹਾਂ ਜਥੇਬੰਦੀਆਂ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਪ੍ਰਬੰਧਕਾਂ ਨੂੰ ਸਮਾਗਮ ਰੱਦ ਕਰਨ ਦੀ ਅਪੀਲ ਕੀਤੀ। ਅਮਰੀਕੀ ਕਾਂਗਰਸ ਦੀ ਚੋਣ ਲਈ ਡੈਮੋਕ੍ਰੇਟਿਕ ਉਮੀਦਵਾਰ ਬ੍ਰੈਡ ਲੈਂਡਰ ਨੇ ਕਿਹਾ ਕਿ ਧਰਮ ਦੇ ਨਾਂਅ ਉੱਤੇ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲੀ ਸੋਚ ਲਈ ਨਿਊਯਾਰਕ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਿੱਖ ਕੌਂਸਲ ਨਿਊਯਾਰਕ ਦੇ ਸੰਸਥਾਪਕ ਜਪਨੀਤ ਸਿੰਘ ਨੇ ਕਿਹਾ ਕਿ ਇਹ ਵਿਰੋਧ ਹਿੰਦੂ ਧਰਮ ਜਾਂ ਹਿੰਦੂ ਭਾਈਚਾਰੇ ਵਿਰੁੱਧ ਨਹੀਂ ਹੈ। ਉਨ੍ਹਾਂ ਮੁਤਾਬਕ ਮਾਮਲਾ ਲੋਕਤੰਤਰ, ਬਰਾਬਰੀ, ਧਾਰਮਿਕ ਆਜ਼ਾਦੀ ਅਤੇ ਨਿਊਯਾਰਕ ਦੇ ਬਹੁ-ਸੱਭਿਆਚਾਰਕ ਸਰੂਪ ਦੀ ਰੱਖਿਆ ਨਾਲ ਜੁੜਿਆ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਦੇ ਦੌਰੇ ਵਿਰੁੱਧ 29 ਅਗਸਤ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਦੂਜੇ ਪਾਸੇ, ਸਮਾਗਮ ਦੇ ਪ੍ਰਬੰਧਕ ਏਹੈੱਡ ਫੋਰਮ ਨੇ ਆਲੋਚਨਾ ਨੂੰ ਰੱਦ ਕੀਤਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ 29 ਅਗਸਤ ਦਾ ‘ਯੂਨੀਵਰਸਲ ਓਨਨੈੱਸ ਸੈਲੀਬ੍ਰੇਸ਼ਨ’ ਆਪਸੀ ਸਤਿਕਾਰ, ਏਕਤਾ ਅਤੇ ‘ਵਸੁਧੈਵ ਕੁਟੁੰਬਕਮ’ ਦੇ ਸੰਦੇਸ਼ ਨੂੰ ਸਮਰਪਿਤ ਹੈ।