ਐੱਮ.ਆਈ. 5 ਦੀ ਬਰਤਾਨਵੀ ਯੂਨੀਵਰਸਿਟੀਆਂ ਨੂੰ ਚੀਨ ਨਾਲੋਂ ਸੰਬੰਧ ਤੋੜ੍ਹਨ ਲਈ ਦਿੱਤੀ ਚਿਤਾਵਨੀ
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਘਰੇਲੂ ਖੁਫ਼ੀਆ ਏਜੰਸੀ ਐੱਮ. ਆਈ.
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਘਰੇਲੂ ਖੁਫ਼ੀਆ ਏਜੰਸੀ ਐੱਮ.ਆਈ. 5 ਨੇ ਪਹਿਲੀ ਵਾਰ ਇਕ ਸੁਤੰਤਰ ਜਨਤਕ ਜਾਸੂਸੀ ਚੇਤਾਵਨੀ ਜਾਰੀ ਕਰਦਿਆਂ ਬਰਤਾਨਵੀ ਯੂਨੀਵਰਸਿਟੀਆਂ, ਖੋਜਕਾਰਾਂ ਅਤੇ ਅਕਾਦਮਿਕ ਜਗਤ ਨਾਲ ਜੁੜੇ ਲੋਕਾਂ ਨੂੰ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਚਿਊਟ (ਸੀ. ਜੀ . ਟੀ. ਆਰ. ਆਈ.) ਨਾਲ ਸੰਬੰਧ ਖ਼ਤਮ ਕਰਨ ਲਈ ਕਿਹਾ ਹੈ। ਐੱਮ.ਆਈ. 5 ਦਾ ਦੋਸ਼ ਹੈ ਕਿ ਇਹ ਸੰਸਥਾ ਚੀਨ ਦੇ ਮਿਨਿਸਟਰੀ ਆਫ਼ ਸਟੇਟ ਸਿਕਿਉਰਿਟੀ ਨਾਲ ਜੁੜੀ ਹੋਈ ਹੈ ਅਤੇ ਅਕਾਦਮਿਕ ਸਹਿਯੋਗ ਰਾਹੀਂ ਸੰਵੇਦਨਸ਼ੀਲ ਖੋਜ ਤੱਕ ਪਹੁੰਚ ਬਣਾਉਂਦੀ ਰਹੀ ਹੈ। ਜਦ ਕਿ ਚੀਨੀ ਪੱਖ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।ਐੱਮ.ਆਈ. 5 ਮੁਤਾਬਕ 100 ਤੋਂ ਵੱਧ ਬਰਤਾਨੀਆ ਨਾਲ ਜੁੜੇ ਅਕਾਦਮਿਕਾਂ ਨੇ ਸੀ ਜੀ ਟੀ ਆਰ ਆਈ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਖੋਜ ਪ੍ਰਾਜੈਕਟਾਂ ਵਿੱਚ ਹਿੱਸਾ ਲਿਆ ਹੈ। ਇਨ੍ਹਾਂ ਵਿਚ ਬਣਾਵਟੀ ਬੁੱਧੀ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਅਤੇ ਜਾਣਕਾਰੀ ਲੁਕਾਉਣ ਦੀਆਂ ਤਕਨੀਕਾਂ ਵਰਗੇ ਸੰਵੇਦਨਸ਼ੀਲ ਖੇਤਰ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਖੋਜਕਾਰਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਕਿ ਪੈਸਾ ਅਸਲ ਵਿਚ ਕਿੱਥੋਂ ਆ ਰਿਹਾ ਸੀ ਜਾਂ ਖੋਜ ਦਾ ਅੰਤਿਮ ਲਾਭ ਕਿਸ ਨੂੰ ਮਿਲ ਰਿਹਾ ਸੀ।ਚੇਤਾਵਨੀ ਵਿੱਚ ਯੂਨੀਵਰਸਿਟੀਆਂ ਨੂੰ ਮੌਜੂਦਾ ਅਤੇ ਭਵਿੱਖੀ ਸਾਂਝੇ ਪ੍ਰਾਜੈਕਟਾਂ ਦੀ ਮੁੜ ਜਾਂਚ ਕਰਨ ਅਤੇ ਵਿਦੇਸ਼ੀ ਫੰਡਾਂ ਦੇ ਅਸਲ ਸਰੋਤ ਅਤੇ ਅੰਤਿਮ ਲਾਭਪਾਤਰੀ ਦੀ ਪੜਤਾਲ ਕਰਨ ਲਈ ਕਿਹਾ ਗਿਆ ਹੈ। ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਵੀ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨਾਲ ਸੰਪਰਕ ਕਰਕੇ ਇਸ ਸੰਸਥਾ ਨਾਲ ਸਹਿਯੋਗ ਖ਼ਤਮ ਕਰਨ ਲਈ ਕਿਹਾ ਹੈ। ਐੱਮ.ਆਈ. 5 ਨੇ ਸਪੱਸ਼ਟ ਕੀਤਾ ਹੈ ਕਿ ਚੇਤਾਵਨੀ ਤੋਂ ਬਾਅਦ ਵੀ ਅਜਿਹੇ ਸੰਬੰਧ ਜਾਰੀ ਰੱਖਣ ਨਾਲ ਕੌਮੀ ਸੁਰੱਖਿਆ ਕਾਨੂੰਨਾਂ ਤਹਿਤ ਅਪਰਾਧਿਕ ਕਾਰਵਾਈ ਦਾ ਖ਼ਤਰਾ ਪੈਦਾ ਹੋ ਸਕਦਾ ਹੈ।