ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਲੇਬਰ ਕਾਨਫ਼ਰੰਸ ਦੁਬਾਰਾ ਉਮੀਦ ’ ਚ ਐਂਡੀ ਬਰਨਹਮ ਵਲੋਂ ਵੱਡੇ ਸੁਧਾਰਾਂ ਦਾ ਐਲਾਨ
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਆਗੂ ਐਂਡੀ ਬਰਨਹੈਮ ਨੇ ਲਿਵਰਪੂਲ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣਾ ਪਹਿਲਾ ਲੇਬਰ ਪਾਰਟੀ ਕਾਨਫ਼ਰੰਸ ਭਾਸ਼ਣ ਦਿੱਤਾ। ਇਸ ਕਾਨਫਰੰਸ ਨੂੰ ਲੇਬਰ ਪਾਰਟੀ ਵਲੋਂ ਹੋਪ ਅਗੇਨ “ਦੁਬਾਰਾ ਉਮੀਦ” ਦਾ ਨਾਂਅ ਦਿੱਤਾ ਗਿਆ।
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਆਗੂ ਐਂਡੀ ਬਰਨਹੈਮ ਨੇ ਲਿਵਰਪੂਲ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣਾ ਪਹਿਲਾ ਲੇਬਰ ਪਾਰਟੀ ਕਾਨਫ਼ਰੰਸ ਭਾਸ਼ਣ ਦਿੱਤਾ। ਇਸ ਕਾਨਫਰੰਸ ਨੂੰ ਲੇਬਰ ਪਾਰਟੀ ਵਲੋਂ ਹੋਪ ਅਗੇਨ “ਦੁਬਾਰਾ ਉਮੀਦ” ਦਾ ਨਾਂਅ ਦਿੱਤਾ ਗਿਆ। ਇਸ ਵਿਚ ਉਨ੍ਹਾਂ ਨੇ ਸਮਾਜਿਕ ਦੇਖਭਾਲ, ਪੈਨਸ਼ਨ, ਰਿਹਾਇਸ਼, ਪਾਣੀ, ਊਰਜਾ, ਚੋਣ ਪ੍ਰਣਾਲੀ ਅਤੇ ਯੂਰਪੀ ਸੰਘ ਨਾਲ ਬਰਤਾਨੀਆ ਦੇ ਭਵਿੱਖੀ ਰਿਸ਼ਤਿਆਂ ਬਾਰੇ ਕਈ ਅਹਿਮ ਨੀਤੀ ਪ੍ਰਸਤਾਵ ਰੱਖੇ। ਬਰਨਹਮ ਨੇ ਕਿਹਾ ਕਿ ਮੌਜੂਦਾ ਬ੍ਰੈਗਜ਼ਿਟ ਪ੍ਰਬੰਧ ਉਨ੍ਹਾਂ ਦੀ ਨਜ਼ਰ ਵਿੱਚ ਬਰਤਾਨੀਆ ਲਈ ਕਾਫ਼ੀ ਨਹੀਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਬ੍ਰੈਗਜ਼ਿਟ ਨੇ “ਫ਼ਾਇਦੇ ਨਾਲੋਂ ਨੁਕਸਾਨ ਜ਼ਿਆਦਾ” ਕੀਤਾ ਹੈ। ਉਨ੍ਹਾਂ ਮੁਤਾਬਕ ਸਰਕਾਰ ਇਸ ਸਾਲ ਹੋਣ ਵਾਲੇ ਬਰਤਾਨੀਆ-ਯੂਰਪੀ ਸੰਘ ਸਿਖਰ ਸੰਮੇਲਨ ਦੇ ਆਸ-ਪਾਸ ਦੇਸ਼ ਸਾਹਮਣੇ ਯੂਰਪ ਨਾਲ ਲੰਬੇ ਸਮੇਂ ਦੇ ਰਿਸ਼ਤੇ ਲਈ ਵੱਖ-ਵੱਖ ਵਿਕਲਪ ਰੱਖੇਗੀ। ਉਨ੍ਹਾਂ ਕਿਹਾ ਕਿ ਲੇਬਰ ਸਰਕਾਰ ਨੇ ਯੂਰਪੀ ਸੰਘ ਵਿੱਚ ਮੁੜ ਸ਼ਾਮਲ ਹੋਣ ਦਾ ਕੋਈ ਫ਼ੈਸਲਾ ਨਹੀਂ ਕੀਤਾ, ਫਿਲਹਾਲ ਗੱਲ ਭਵਿੱਖੀ ਰਿਸ਼ਤੇ ਦੇ ਵਿਕਲਪਾਂ ਦੀ ਜਾਂਚ ਅਤੇ ਸਹਿਮਤੀ ਬਣਾਉਣ ਦੀ ਹੈ। ਉਨ੍ਹਾਂ ਬਜ਼ੁਰਗਾਂ ਲਈ ਨਿੱਜੀ ਦੇਖਭਾਲ ਲਈ ਨੈਸ਼ਨਲ ਕੇਅਰ ਸਰਵਿਸ ਬਣਾਉਣ, ਨੈਸ਼ਨਲ ਕੇਅਰ ਸਰਵਿਸ ਲਈ ਪੈਸਾ ਇਕੱਠਾ ਕਰਨ ਵਾਸਤੇ ਬਰਨਹਮ ਨੇ ਅਪ੍ਰੈਲ 2030 ਤੋਂ ਸਰਕਾਰੀ ਪੈਨਸ਼ਨ ਦੇ ਟ੍ਰਿਪਲ ਲਾਕ ਵਿੱਚ ਤਬਦੀਲੀ ਦਾ ਪ੍ਰਸਤਾਵ ਰੱਖਿਆ। ਮੌਜੂਦਾ ਪ੍ਰਣਾਲੀ ਵਿੱਚ ਪੈਨਸ਼ਨ ਮਹਿੰਗਾਈ, ਔਸਤ ਕਮਾਈ ਜਾਂ 2.5 ਫ਼ੀਸਦੀ, ਇਨ੍ਹਾਂ ਵਿੱਚੋਂ ਜੋ ਸਭ ਤੋਂ ਵੱਧ ਹੋਵੇ, ਉਸ ਅਨੁਸਾਰ ਵਧਦੀ ਹੈ। ਪ੍ਰਸਤਾਵ ਮੁਤਾਬਕ ਔਸਤ ਕਮਾਈ ਵਾਲਾ ਸਾਲਾਨਾ ਹਿੱਸਾ ਹਟਾਇਆ ਜਾਵੇਗਾ, ਜਦਕਿ ਪੈਨਸ਼ਨ ਘੱਟੋ-ਘੱਟ ਮਹਿੰਗਾਈ ਜਾਂ 2.5 ਫ਼ੀਸਦੀ ਵਿੱਚੋਂ ਵੱਧ ਦਰ ਨਾਲ ਵਧੇਗੀ। ਬਰਨਹਮ ਨੇ ਪਾਣੀ ਕੰਪਨੀਆਂ ਉੱਤੇ ਸਰਕਾਰੀ ਕੰਟਰੋਲ ਵਧਾਉਣ ਲਈ ਕਾਨੂੰਨੀ ਤਬਦੀਲੀਆਂ ਦੀ ਗੱਲ ਕੀਤੀ। ਊਰਜਾ ਖੇਤਰ ਲਈ ਉਨ੍ਹਾਂ ਨੇ ‘ਗ੍ਰੇਟ ਬ੍ਰਿਟਿਸ਼ ਗ੍ਰਿਡ’ ਨਾਂਅ ਦੀ ਨਵੀਂ ਜਨਤਕ ਮਲਕੀਅਤ ਵਾਲੀ ਸੰਸਥਾ ਬਣਾਉਣ ਦਾ ਐਲਾਨ ਕੀਤਾ। ਬਰਨਹਮ ਨੇ ਕੌਂਸਲਾਂ ਨੂੰ ਖ਼ਰਾਬ ਹਾਲਤ ਵਾਲੀਆਂ ਜਾਇਦਾਦਾਂ ਅਤੇ ਲੰਬੇ ਸਮੇਂ ਤੋਂ ਖਾਲੀ ਪਏ ਘਰਾਂ ਉੱਤੇ ਵਧੇਰੇ ਅਧਿਕਾਰ ਦੇਣ ਦੀ ਗੱਲ ਕੀਤੀ। ਉਨ੍ਹਾਂ ਬਰਤਾਨੀਆ ਦੀ ਮੌਜੂਦਾ ‘ਫਰਸਟ ਪਾਸਟ ਦ ਪੋਸਟ’ ਚੋਣ ਪ੍ਰਣਾਲੀ ਦੇ ਭਵਿੱਖ ਬਾਰੇ ਵਿਚਾਰ ਕਰਨ ਲਈ ਰਾਸ਼ਟਰੀ ਚੋਣ ਸੁਧਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ।