13 ਲੱਖ ਪੌਂਡ ਦੀ ਧੋਖਾਧੜੀ ਕਰਨ ਵਾਲੇ ਭਾਰਤੀ ਮੂਲ ਦੇ ਫਾਰਮਾਸਿਸਟ ਤੇ ਸਾਥੀ ਨੂੰ ਕੈਦ
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ.
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਨਾਲ ਕਰੀਬ 13 ਲੱਖ ਪੌਂਡ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਫਾਰਮਾਸਿਸਟ ਜਿਗਨੇਸ਼ ਪਟੇਲ (46) ਅਤੇ ਉਸ ਦੇ ਕਾਰੋਬਾਰੀ ਸਾਥੀ ਰਾਹਿਲ ਪਟੇਲ (42) ਨੂੰ 6-6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਲੰਡਨ ਦੀ ਸਾਊਥਵਰਕ ਕਰਾਊਨ ਕੋਰਟ ਨੇ ਦੋਵਾਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਝੂਠੀ ਜਾਣਕਾਰੀ ਦੇ ਕੇ ਧੋਖਾਧੜੀ ਕਰਨ ਅਤੇ ਅਪਰਾਧ ਰਾਹੀਂ ਪ੍ਰਾਪਤ ਸੰਪਤੀ ਨਾਲ ਸੰਬੰਧਿਤ ਦੋਸ਼ਾਂ ਵਿਚ ਦੋਸ਼ੀ ਪਾਇਆ ਸੀ। ਜਿਗਨੇਸ਼ ਪਟੇਲ ਉੱਤਰੀ ਲੰਡਨ ਦੇ ਐਡਮੰਟਨ ਇਲਾਕੇ ਵਿਚ ਵਾਈਜ਼ ਫਾਰਮੇਸੀ ਅਤੇ ਐਕਟੀਫਾਰਮ ਲਿਮਟਿਡ ਨਾਮੀ ਦਵਾਈਆਂ ਦੇ ਥੋਕ ਕਾਰੋਬਾਰ ਦਾ ਮਾਲਕ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਨਵਰੀ 2015 ਤੋਂ ਨਵੰਬਰ 2017 ਤੱਕ 24 ਡਾਕਟਰਾਂ ਦੇ ਨਾਵਾਂ ਹੇਠ 440 ਮਰੀਜ਼ਾਂ ਲਈ 1,639 ਜਾਅਲੀ ਨੁਸਖ਼ੇ ਤਿਆਰ ਕੀਤੇ ਗਏ। ਇਨ੍ਹਾਂ ਰਾਹੀਂ ਮਹਿੰਗੀਆਂ ਦਵਾਈਆਂ ਪ੍ਰਾਪਤ ਕਰਕੇ ਯੂਰਪੀ ਦੇਸ਼ਾਂ ਦੇ ਦਵਾਈਆਂ ਦੇ ਥੋਕ ਵਪਾਰੀਆਂ ਨੂੰ ਵੇਚੀਆਂ ਗਈਆਂ। ਇਨ੍ਹਾਂ ਵਿਚ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਮਹਿੰਗੀਆਂ ਦਵਾਈਆਂ ਵੀ ਸ਼ਾਮਿਲ ਸਨ।ਐੱਨ.ਐੱਚ.ਐੱਸ. ਕਾਊਂਟਰ ਫਰਾਡ ਅਥਾਰਟੀ ਅਨੁਸਾਰ ਇਸ ਧੋਖਾਧੜੀ ਕਾਰਨ ਸਿਹਤ ਸੇਵਾ ਨੂੰ 13 ਲੱਖ ਪੌਂਡ ਤੋਂ ਵੱਧ ਦਾ ਨੁਕਸਾਨ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਅਪਰਾਧ ਰਾਹੀਂ ਪ੍ਰਾਪਤ ਕੀਤੀ ਗਈ ਰਕਮ ਵਾਪਸ ਹਾਸਲ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।