ਯਮੁਨਾਨਗਰ, 6 ਜਨਵਰੀ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਪੁਲਿਸ ਸਾਈਬਰ ਅਪਰਾਧਾਂ ਤੇ ਉਨ੍ਹਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ | ਇਸ ਸੰਬੰਧੀ ਜਿਥੇ ਪੁਲਿਸ ਵਿਭਾਗ ਵਿਦਿਅਕ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਿਹਾ ਹੈ, ਉਥੇ ਆਮ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਕਈ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਦੱਸਿਆ ਕਿ ਸਾਈਬਰ ਅਪਰਾਧੀ ਕਿਸੇ ਵੀ ਡਿਜ਼ੀਟਲ ਮਾਧਿਅਮ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਹਨ, ਭਾਵੇਂ ਉਹ ਇੰਟਰਨੈੱਟ ਮੀਡੀਆ ਹੋਵੇ ਜਾਂ ਇੰਟਰਨੈੱਟ ਬੈਂਕਿੰਗ | ਅੱਜ ਕੱਲ੍ਹ ਸਾਈਬਰ ਧੋਖਾਧੜੀ ਕਰਨ ਵਾਲੇ ਵਟਸਐਪ ਤੇ ਕਾਲ ਰਾਹੀਂ ਵਿਆਹ ਦੇ ਕਾਰਡ ਭੇਜਦੇ ਹਨ ਅਤੇ ਉਹ ਕਾਰਡ ਸਵੀਕਾਰ ਕਰਨ ਲਈ ਕਹਿੰਦੇ ਹਨ | ਜਿਵੇਂ ਹੀ ਕੋਈ ਵਿਅਕਤੀ ਕਾਰਡ 'ਤੇ ਕਲਿੱਕ ਕਰਦਾ ਹੈ, ਉਨ੍ਹਾਂ ਦੇ ਫੋਨ 'ਤੇ ਇਕ ਵਾਇਰਸ ਜਾਂ ਹੈਕਿੰਗ ਐਪ ਸਥਾਪਤ ਹੋ ਜਾਂਦੀ ਹੈ ਅਤੇ ਧੋਖਾਧੜੀ ਕਰਨ ਵਾਲੇ ਇਸ ਰਾਹੀਂ ਤੁਹਾਡਾ ਖਾਤਾ ਖਾਲੀ ਕਰ ਦਿੰਦੇ ਹਨ | ਇਸ ਲਈ ਜਨਤਾ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਣਜਾਣ ਵਿਅਕਤੀਆਂ ਵਲੋਂ ਭੇਜੀਆਂ ਗਈਆਂ ਕਿਸੇ ਵੀ ਫੋਟੋਆਂ ਜਾਂ ਵਿਆਹ ਦੇ ਕਾਰਡਾਂ 'ਤੇ ਕਲਿੱਕ ਨਾ ਕੀਤਾ ਜਾਵੇ, ਆਪਣੇ ਬੈਂਕਿੰਗ ਐਪਸ ਨੂੰ ਸੁਰੱਖਿਅਤ ਢੰਗ ਨਾਲ ਲਾਕ ਰੱਖਿਆ ਜਾਵੇ ਅਤੇ ਕਿਸੇ ਨਾਲ ਵੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਿਆ ਜਾਵੇ | ਸਾਈਬਰ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਸਕੀਮਾਂ, ਜਾਅਲੀ ਲੋਨ ਐਪਸ, ਡਿਲੀਵਰ ਨਾ ਕੀਤੇ ਗਏ ਪਾਰਸਲ, ਕਾਲ ਫਾਰਵਰਡਿੰਗ, ਇਥੋਂ ਤੱਕ ਕਿ ਵਿਆਹ ਦੇ ਸੱਦੇ ਦੇ ਰੂਪ 'ਚ ਈਮੇਲ, ਵਟਸਐਪ ਜਾਂ ਫੇਸਬੁੱਕ ਖਾਤਿਆਂ 'ਤੇ ਲਿੰਕ ਭੇਜਣ ਦੇ ਵਾਅਦਿਆਂ ਨਾਲ ਲੁਭਾਉਣ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਫਿਰ ਵੀ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ 1930 'ਤੇ ਨੈਸ਼ਨਲ ਸਾਈਬਰ ਹੈਲਪਲਾਈਨ 'ਤੇ ਕਾਲ ਕਰ ਸਕਦੇ ਹਨ |
ਸੋਸ਼ਲ ਮੀਡੀਆ ਰਾਹੀਂ ਅਣਜਾਣ ਵਿਅਕਤੀਆਂ ਵਲੋਂ ਭੇਜੇ ਵਿਆਹ ਦੇ ਸੱਦੇ 'ਤੇ ਕਲਿੱਕ ਕਰਨ ਨਾਲ ਖਾਲੀ ਹੋ ਸਕਦਾ ਬੈਂਕ ਖਾਤਾ-ਪੁਲਿਸ ਸੁਪਰਡੈਂਟ
ਅਜੀਤ ਡੈਸਕ
07-01-2026