ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ-ਐਨ.ਸੀ.ਆਰ. ਵਿਚ ਮੌਸਮ ਨੇ ਆਪਣੀ ਕਰਵਟ ਬਦਲ ਲਈ | ਰਾਤ ਤੋਂ ਅਸਮਾਨ ਵਿਚ ਛਾਏ ਬੱਦਲਾਂ ਦੇ ਵਿਚਕਾਰ ਸਵੇਰ ਸਮੇਂ ਜੋ ਮੀਂਹ ਦਾ ਦੌਰ ਹੋਇਆ, ਉਹ ਦੁਪਹਿਰ ਤੱਕ ਜਾਰੀ ਰਿਹਾ | ਪੱਛਮੀ ਉੱਤਰ ਪ੍ਰਦੇਸ਼ ਵਿਚ ਨੋਇਡਾ, ਗਾਜ਼ੀਆਬਾਦ ਤੋਂ ਲੈ ਕੇ ਮੇਰਠ ਤੱਕ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪਿਆ | ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਗੜੇਮਾਰੀ ਵੀ ਹੋਈ | ਬਿਜਲੀ ਚਮਕਣ ਅਤੇ ਬੱਦਲ ਗਰਜਣ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਨੇ ਸਾਰਿਆਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ | ਭਾਰਤੀ ਮੌਸਮ ਵਿਭਾਗ ਅਨੁਸਾਰ ਹਿਮਾਲਿਆ ਖੇਤਰ ਵਿਚ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਨਾਲ ਪਹਾੜਾਂ ਵਿਚ ਮੀਂਹ ਅਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਵੀ ਮੀਂਹ ਪੈ ਸਕਦਾ ਹੈ | ਸੀਤ ਲਹਿਰ ਦੇ ਕਾਰਨ ਦਿੱਲੀ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | 28 ਜਨਵਰੀ ਤੋਂ 1 ਫਰਵਰੀ ਤੱਕ ਅਸਮਾਨ ਵਿਚ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ | ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲੇਗੀ | ਹਾਲਾਂਕਿ 27 ਜਨਵਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ |