ਟੋਹਾਣਾ/ਜਾਖ਼ਲ, 28 ਜਨਵਰੀ (ਮਨਜੀਤ ਸਿੰਘ) - ਸ਼ਾਰਦਾ ਮੌਂਟੇਸਰੀ ਪਬਲਿਕ ਸਕੂਲ ਗੁਪਤਾ ਕਾਲੋਨੀ ਟੋਹਾਣਾ ਦੀ ਵਿਦਿਆਰਥਣ ਤੰਨਵੀ ਨੇ ਪੂਰੇ ਹਰਿਆਣੇ 'ਚ ਡਾਂਸ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕੀਤਾ ਹੈ | ਪਹਿਲਾਂ ਨਰਵਾਣਾ ਵਿਖੇ ਹੋਏ ਡਾਂਸ ਕੰਪੀਟੀਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਹੁਣ ਚਾਰ ਜਨਵਰੀ ਨੂੰ ਪਾਣੀਪਤ ਵਿਖੇ ਵੀ ਤੰਨਵੀ ਨੇ ਸਭ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ | ਟੋਹਾਣੇ ਦੇ ਵਾਰਡ ਨੰਬਰ 23, ਇੰਦਰਾ ਕਾਲੋਨੀ ਦੀ ਰਹਿਣ ਵਾਲੀ 12 ਸਾਲਾ ਤੰਨਵੀ ਨੇ ਇਸ ਸਬੰਧੀ ਦੱਸਿਆ ਕਿ ਉਸ ਨੰੂ ਨਰਵਾਣਾ ਵਿਖੇ ਹੋਏ ਡਾਂਸ ਕੰਪੀਟੀਸ਼ਨ ਵਿਚ ਪਹਿਲਾ ਇਨਾਮ ਮਿਲਿਆ ਸੀ | ਉਸ ਤੋਂ ਬਾਅਦ ਉਸ ਨੇ ਆਪਣਾ ਅਭਿਆਸ ਜਾਰੀ ਰੱਖਿਆ | ਡਾਂਸ ਕੰਪੀਟੀਸ਼ਨ ਸਬੰਧੀ ਤੰਨਵੀ ਨੇ ਕਿਹਾ ਕਿ ਇਸ ਕੰਪੀਟੀਸ਼ਨ ਨੂੰ ਜਿੱਤਣ ਵਿਚ ਉਸ ਦੇ ਮਾਪਿਆਂ, ਅਧਿਆਪਕਾਂ ਅਤੇ ਉਸ ਦੇ ਨਾਲ ਪੜ੍ਹਦੀਆਂ ਲੜਕੀਆਂ ਦਾ ਖ਼ਾਸ ਸਹਿਯੋਗ ਹੈ | ਇੱਕ ਸੁਨੇਹਾ ਦਿੰਦਿਆਂ ਤੰਨਵੀ ਨੇ ਕਿਹਾ ਕਿ ਅਗਰ ਉਨ੍ਹਾਂ ਵਿਚ ਕੋਈ ਹੁਨਰ ਹੈ ਤਾਂ ਉਸ ਨੰੂ ਛਪਾਉਣਾ ਨਹੀਂ ਚਾਹੀਦਾ ਬਲਕਿ ਉਜਾਗਰ ਕਰਨਾ ਚਾਹੀਦਾ ਹੈ ਜਿਸ ਸਦਕਾ ਅਜਿਹੀਆਂ ਪ੍ਰਾਪਤੀਆਂ ਹੁੰਦੀਆਂ ਹਨ | ਉਹ ਪਿਛਲੇ ਛੇ ਸਾਲਾਂ ਤੋਂ ਹਰਿਆਣਵੀ ਡਾਂਸ ਵਿਚ ਆਪਣੀ ਪ੍ਰੈਕਟਿਸ ਕਰ ਰਹੀ ਹੈ | ਇਸ ਸਬੰਧੀ ਤੰਨਵੀ ਨੇ ਦੱਸਿਆ ਕਿ ਉਹ ਹਿਸਾਰ, ਹਾਂਸੀ ਨਰਵਾਣਾ ਤੋਂ ਬਾਅਦ ਹੁਣ ਪਾਣੀਪਤ ਤੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਜਿੱਤ ਕੇ ਆਈ ਹੈ | ਇਸ ਬਾਰੇ ਤੰਨਵੀ ਨੇ ਦੱਸਿਆ ਕਿ ਉਸ ਨੇ ਡਾਂਸ ਕਿਸੇ ਕੋਲੋਂ ਨਹੀਂ ਸਿੱਖਿਆ, ਉਸ ਦੇ ਮਨ ਦਾ ਹੀ ਫੁਰਨਾ ਸੀ ਕਿ ਉਸ ਨੇ ਆਪਣੇ ਆਪ ਨੂੰ ਇਸ ਪਾਸੇ ਸਮਰਪਿਤ ਕਰ ਦਿੱਤਾ | ਫਿਰ ਅੱਗੇ ਉਸ ਦੇ ਸਕੂਲ ਅਧਿਆਪਕਾਂ ਨੇ ਉਸ ਨੰੂ ਅਗਵਾਈ ਦਿੱਤੀ ਤੇ ਉਸ ਨੇ ਆਪਣੀ ਪ੍ਰੈਕਟਿਸ ਨੂੰ ਜਾਰੀ ਰੱਖਿਆ ਜਿਸ ਦੀ ਬਦੌਲਤ ਉਹ ਅੱਜ ਪਾਣੀਪਤ ਤੋਂ ਪਹਿਲਾ ਸਥਾਨ ਪ੍ਰਾਪਤ ਕੇ ਕੱਪ ਜਿੱਤ ਕੇ ਮੁੜੀ ਹੈ | ਇਸ ਸਬੰਧੀ ਉਸ ਦੇ ਸ਼ਾਰਧਾ ਮੋਂਟੈਸਰੀ ਸਕੂਲ ਦੇ ਪਿ੍ੰਸੀਪਲ ਸਤਪਾਲ ਮਲਿਕ ਨੇ ਕਿਹਾ ਕਿ ਉਹ ਇਸ ਖ਼ੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਐਨਾ ਵੱਡਾ ਰੁਤਬਾ ਹਾਸਿਲ ਕਰ ਗਈ ਹੈ, ਜਿਸ ਨੇ ਆਪਣੇ ਸਕੂਲ ਦਾ, ਮਾਪਿਆਂ ਦਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸਤਪਾਲ ਮਲਿਕ ਨੇ ਦੱਸਿਆ ਕਿ ਸ਼ੁਰੂਆਤ ਇਸ ਨੇ ਆਪਣੇ ਘਰ ਤੋਂ ਹੀ ਕੀਤੀ ਹੈ, ਉਸ ਤੋਂ ਅੱਗੇ ਤੰਨਵੀ ਨੂੰ ਇਸ ਦੇ ਰੋਹਿਤ ਸਰ ਗਾਈਡ ਕਰਦੇ ਰਹੇ |