ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਮਾਤਾ ਸੁਦੀਕਸ਼ਾ ਅਤੇ ਰਾਜ ਪਿਤਾ ਦੀ ਹਾਜ਼ਰੀ ਵਿਚ ਮਹਾਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 82 ਜੋੜਿਆਂ ਨੇ ਇਕ ਵਿਸ਼ਾਲ ਸਮੂਹਿਕ ਵਿਆਹ ਸਮਾਰੋਹ ਵਿਚ ਵਿਆਹ ਕਰਵਾਇਆ | ਇਸ ਸਮੂਹਿਕ ਵਿਆਹ ਪ੍ਰੋਗਰਾਮ ਵਿਚ ਰਵਾਇਤੀ ਜੈ ਮਾਲਾ ਦੇ ਨਾਲ-ਨਾਲ ਨਿਰੰਕਾਰੀ ਵਿਆਹ ਦੀ ਵਿਸ਼ੇਸ਼ ਪਛਾਣ ''ਸਾਂਝਾ ਹਾਰ'' ਵੀ ਹਰੇਕ ਜੋੜੇ ਨੂੰ ਮਿਸ਼ਨ ਦੇ ਪ੍ਰਤੀਨਿਧੀਆਂ ਦੁਆਰਾ ਪਹਿਨਾਇਆ ਗਿਆ | ਇਸ ਤੋਂ ਬਾਅਦ ਆਦਰਸ਼ ਵਿਆਹੁਤਾ ਜੀਵਨ ਨੂੰ ਪ੍ਰੇਰਿਤ ਕਰਨ ਵਾਲਾ ਨਿਰੰਕਾਰੀ ਲਾਵਾਂ ਦਾ ਪਾਠ ਵੀ ਕੀਤਾ ਗਿਆ | ਆਪਣੇ ਅਸ਼ੀਰਵਾਦ ਵਿਚ ਮਾਤਾ ਸੁਦੀਕਸ਼ਾ ਨੇ ਨਵੇਂ ਵਿਆਹੇ ਜੋੜਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਆਪਸੀ ਸਹਿਯੋਗ, ਸਨਮਾਨ, ਪ੍ਰੇਮ ਅਤੇ ਸਮਰਪਣ ਦੇ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਗ੍ਰਹਿਸਥ ਵਿਚ ਰਹਿ ਕੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਧਿਆਤਮਿਕਤਾ ਦੇ ਰਾਹ 'ਤੇ ਨਿਰੰਤਰ ਸਤਿਸੰਗ, ਸੇਵਾ, ਸਿਮਰਨ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਇਕ-ਦੂਜੇ ਦੇ ਸਹਿਯੋਗ ਨਾਲ ਆਪਣੀ ਭਗਤੀ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ | ਸਮਾਰੋਹ ਦੌਰਾਨ ਮਾਤਾ ਸੁਦੀਕਸ਼ਾ ਅਤੇ ਰਾਜ ਪਿਤਾ ਨੇ ਨਵ ਵਿਆਹੇ ਜੋੜਿਆਂ 'ਤੇ ਪੁਸ਼ਪ ਵਰਖਾ ਕਰਕੇ ਅਸ਼ੀਰਵਾਦ ਦਿੱਤਾ | ਸਮੂਹਿਕ ਵਿਆਹ ਤੋਂ ਬਾਅਦ ਸਭ ਲਈ ਸਮਾਗਮ ਵਾਲੀ ਥਾਂ 'ਤੇ ਭੋਜਨ ਦੀ ਸੁਚੱਜੀ ਵਿਵਸਥਾ ਕੀਤੀ ਗਈ |