ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਵਲੋਂ 12 ਤੋਂ 14 ਫ਼ਰਵਰੀ ਤੱਕ ਕਰਵਾਏ ਜਾਣ ਵਾਲੇ ਪਹਿਲੇ ਸਾਹਿਤਕ ਮੇਲੇ ਦੀ ਸਮੀਖਿਆ ਬੈਠਕ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ ਵਿਚ ਫੈਸਟੀਵਲ ਦੀਆਂ ਸਾਰੀਆਂ ਕਮੇਟੀਆਂ ਦੇ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ 'ਤੇ ਕੋਰ ਕਮੇਟੀ ਦੇ ਉਪ-ਪ੍ਰਧਾਨ ਅਤੇ ਸਾਹਿਤਕ ਮੇਲੇ ਦੇ ਕਨਵੀਨਰ ਅਨੂਪ ਲਾਫਰ ਨੇ ਫੈਸਟੀਵਲ ਦੀ ਰੂਪਰੇਖਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਸਿੱਧ, ਲੇਖਕਾਂ, ਮੀਡੀਆ ਕਰਮੀਆਂ ਅਤੇ ਪ੍ਰਸਿੱਧ ਸਾਹਿਤਕਾਰਾਂ ਸਮੇਤ ਕਰੀਬ 50 ਵਿਅਕਤੀਆਂ ਨੇ ਸਮਾਗਮ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ | ਬੈਠਕ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਡੀ.ਯੂ. ਦਾ ਪਹਿਲਾ ਸਾਹਿਤਕ ਉਤਸਵ ਹੈ | ਸਾਰੇ ਲੋਕ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਤਾਂ ਜੋ ਇਹ ਸਮਾਗਮ ਸਫ਼ਲਤਾ ਦੀ ਇਕ ਉਦਾਹਰਨ ਬਣ ਸਕੇ | ਇਸ ਸਮਾਗਮ ਦੀ ਸਫ਼ਲਤਾ ਭਵਿੱਖ ਦੇ ਸਮਾਗਮਾਂ ਲਈ ਇਕ ਮਜ਼ਬੂਤ ਨੀਂਹ ਹੋਵੇਗੀ | ਆਪਣੇ ਸੰਬੋਧਨ ਵਿਚ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਤਿੰਨ ਦਿਨਾ ਸਮਾਗਮ ਵਿਚ ਡੀ.ਯੂ. ਦੇ ਹਰੇਕ ਵਿਦਿਆਰਥੀ, ਅਧਿਆਪਕ, ਅਧਿਕਾਰੀ ਅਤੇ ਕਰਮਚਾਰੀ ਦੀ ਕਿਸੇ ਨਾ ਕਿਸੇ ਰੂਪ ਵਿਚ ਭਾਗੀਦਾਰੀ ਹੋਣੀ ਚਾਹੀਦੀ ਹੈ | ਸਾਰਿਆਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸਮੂਹ ਕਮੇਟੀਆਂ ਦੇ ਨੁਮਾਇੰਦਿਆਂ ਨੇ ਆਪਣੀ ਪ੍ਰਗਤੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਡੀ.ਯੂ. ਦੇ ਵਾਈਸ ਚਾਂਸਲਰ, ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਣੀ, ਲਿਟਰੇਰੀ ਫੈਸਟੀਵਲ ਦੀ ਕੋਰ ਕਮੇਟੀ ਦੇ ਕਨਵੀਨਰ ਅਤੇ ਵਾਈਸ ਚਾਂਸਲਰ ਅਨੂਪ ਲਾਫਰ, ਰਜਿਸਟਰਾਰ ਡਾ. ਵਿਕਾਸ ਗੁਪਤਾ ਸਮੇਤ ਸਮੂਹ ਕਮੇਟੀਆਂ ਦੇ ਹੋਰ ਮੈਂਬਰ ਹਾਜ਼ਰ ਸਨ |