ਜੇ.ਐਨ.ਯੂ. ਵਿਚ ਹਿੰਸਾ ਅਤੇ ਭੰਨਤੋੜ ਨੂੰ ਲੈ ਕੇ ਸਰਕੂਲਰ ਜਾਰੀ
ਅਜੀਤ ਡੈਸਕ
29-01-2026
ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਦਿਆਰਥੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ | ਇਸ ਸੰਬੰਧ ਵਿਚ ਜੇ.ਐਨ.ਯੂ. ਵਲੋਂ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ | ਇਸ ਦੇ ਅਨੁਸਾਰ ਇਸ ਯੂਨੀਵਰਸਿਟੀ ਦੇ ਧਿਆਨ ਵਿਚ ਆਇਆ ਹੈ ਕਿ ਯੂਨੀਵਰਸਿਟੀ ਦੇ ਹੋਸਟਲਾਂ ਦੇ ਅੰਦਰ ਅਤੇ ਨੇੜੇ ਹਿੰਸਾ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਈ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ | ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯੂਨੀਵਰਸਿਟੀ/ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਅਤੇ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ | ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਜਿਹੇ ਕੰਮ ਵਿਚ ਸ਼ਾਮਿਲ ਹੋਣ ਤੋਂ ਪ੍ਰਹੇਜ਼ ਕਰਨ, ਜਿਸ ਨਾਲ ਹੋਸਟਲ ਦੀ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚ ਸਕੇ | ਪਿਛਲੇ ਸਾਲ ਨਵੰਬਰ ਵਿਚ ਜੇ.ਐਨ.ਯੂ. ਦੀ ਬੀ.ਆਰ. ਅੰਬੇਡਕਰ ਸੈਂਟਰਲ ਲਾਇਬ੍ਰੇਰੀ ਵਿਚ ਭੰਨਤੋੜ ਕੀਤੀ ਗਈ ਸੀ | ਵਿਦਿਆਰਥੀਆਂ ਨੇ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਨੂੰ ਉਖਾੜ ਕੇ ਸੁੱਟ ਦਿੱਤਾ ਸੀ, ਜਿਸ ਨਾਲ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ |