ਨਵੀਂ ਦਿੱਲੀ, 30 ਜਨਵਰੀ (ਮਿਸਰਦੀਪ ਭਾਟੀਆ)-ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਵਿਚ ਡਾਕਟਰਾਂ ਦੀ ਬਹੁ-ਅਨੁਸ਼ਾਸਨੀ ਟੀਮ ਨੇ ਇਥੋਪੀਆ ਦੀ 67 ਸਾਲਾ ਮਰੀਜ਼ ਦੇ ਪੇਟ ਵਿਚੋਂ ਇਕ ਵੱਡੇ ਆਕਾਰ ਦੇ ਕੈਂਸਰ ਵਾਲੇ ਟਿਊਮਰ ਨੂੰ ਸਫ਼ਲਤਾਪੂਰਵਕ ਕੱਢ ਕੇ ਮਰੀਜ਼ ਨੂੰ ਨਵਾਂ ਜੀਵਨ ਦਾਨ ਦਿੱਤਾ | ਇਸ ਬੇਹੱਦ ਗੁੰਝਲਦਾਰ ਸਰਜਰੀ ਨੂੰ ਡਾ. ਅਮਿਤ ਜਾਵੇਦ, ਪਿ੍ੰਸੀਪਲ ਡਾਇਰੈਕਟਰ ਰੋਬੋਟਿਕ ਅਤੇ ਐਸ. ਆਈ. ਐਸ. ਸਰਕਾਰੀ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਦੀ ਅਗਵਾਈ ਵਿਚ ਡਾਕਟਰਾਂ ਦੀ ਇਕ ਟੀਮ ਨੇ ਅੰਜ਼ਾਮ ਦਿੱਤਾ | ਇਸ ਸਰਜਰੀ ਲਈ ਸਾਵਧਾਨੀਪੂਰਵਕ ਯੋਜਨਾ ਬਣਾਈ ਗਈ ਅਤੇ ਬਹੁਤ ਹੀ ਸਟੀਕ ਸਰਜੀਕਲ ਤਕਨੀਕ ਦੀ ਮਦਦ ਨਾਲ ਟੀਮ ਨੇ 12 ਕਿੱਲੋ ਵਜ਼ਨ ਦਾ ਵੱਡਾ ਟਿਊਮਰ ਕੱਢਿਆ ਜੋ ਇਸ ਉੱਚ ਜੋਖ਼ਮ ਵਾਲੇ ਓਨਕੋਲੋਜੀਕਲ ਸਰਜ਼ਰੀ ਵਿਚ ਇਕ ਮਹੱਤਵਪੁਰਨ ਪ੍ਰਾਪਤੀ ਹੈ | ਮਰੀਜ਼ ਤਾਹਿਰ ਆਬਦੀ ਹਿਰਸੀ ਨੂੰ ਜਦੋਂ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਲਿਆਂਦਾ ਗਿਆ ਸੀ ਤਾਂ ਉਹ ਪੇਟ ਵਿਚ ਤੇਜ਼ ਦਰਦ ਤੋਂ ਪ੍ਰੇਸ਼ਾਨ ਸੀ | ਮਰੀਜ ਦੀ ਵਿਸਤਿ੍ਤ ਡਾਕਟਰੀ ਜਾਂਚ ਕੀਤੀ ਗਈ ਤੇ ਉਸ ਦੇ ਪੇਟ ਵਿਚ ਇਕ ਦੁਰਲੱਭ ਅਤੇ ਇਕ ਵੱਡੇ ਆਕਾਰ ਦੇ ਜੀ. ਆਈ. ਐਸ. ਟੀ. (ਗੈਸਟਰੋ ਇੰਟੇਸਟਾਈਨਲ ਸਟ੍ਰੋਮਲ ਟਿਊਮਰ) ਦਾ ਪਤਾ ਲੱਗਿਆ, ਜਿਸ ਦੇ ਮੱਦੇਨਜ਼ਰ ਫੋਰਟਿਸ ਗੁਰੂਗ੍ਰਾਮ ਦੀ ਬਹੁ ਅਨੁਸ਼ਾਸਨੀ ਮੈਡੀਕਲ ਟੀਮ ਨੇ ਇਹ ਤੈਅ ਕੀਤਾ ਕਿ ਸਰਜਰੀ ਹੀ ਸਭ ਤੋਂ ਵਧੀਆ ਅਤੇ ਸੁਰੱਖਿਅਤ ਇਲਾਜ ਹੈ | ਨਤੀਜ਼ੇ ਵਜੋਂ ਉੱਚ ਜੋਖ਼ਮ ਵਾਲੀ ਸਰਜਰੀ ਕਰ ਕੇ ਟਿਊਮਰ ਨੂੰ ਹਟਾਇਆ ਗਿਆ | ਸਟੀਕ ਸਰਜੀਕਲ ਤਕਨੀਕਾਂ ਅਤੇ ਵਿਆਪਕ ਪੈਰੀਓਪਰੇਟਿਵ ਕੇਅਰ ਦੇ ਨਤੀਜ਼ੇ ਵਜੋਂ ਮਰੀਜ਼ ਦੀ ਸਹੀ ਢੰਗ ਨਾਲ ਰਿਕਵਰੀ ਹੋਈ ਅਤੇ ਨੌ ਦਿਨਾਂ ਬਾਅਦ ਸਥਿਰ ਸਥਿਤੀ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ |