ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਸੈਂਟਰਲ ਸੈਕੰਡਰੀ ਸਿੱਖਿਆ ਬੋਰਡ ਨੇ 2026 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ | ਬੋਰਡ ਨੇ ਅਧਿਕਾਰਤ ਪ੍ਰੀਖਿਆ ਸੰਗਮ ਪੋਰਟਲ 'ਤੇ ਐਡਮਿਟ ਕਾਰਡ ਡਾਊਨਲੋਡ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ | ਐਡਮਿਟ ਕਾਰਡ ਵਿਚ ਵਿਦਿਆਰਥੀ ਦਾ ਨਾਂਅ, ਰੋਲ ਨੰਬਰ, ਜਨਮ ਮਿਤੀ, ਪ੍ਰੀਖਿਆ ਕੇਂਦਰ ਦਾ ਨਾਂਅ ਅਤੇ ਪੂਰਾ ਪਤਾ ਲਿਖਿਆ ਹੋਵੇਗਾ | ਇਸ ਦੇ ਨਾਲ ਹੀ ਕਿਸ ਵਿਸ਼ੇ ਦੀ ਪ੍ਰੀਖਿਆ ਕਿਸ ਦਿਨ ਹੋਵੇਗੀ ਪ੍ਰੀਖਿਆ ਦਾ ਸਮਾਂ ਵਿਸ਼ਾ ਕੋਡ ਵੀ ਐਡਮਿਟ ਕਾਰਡ ਵਿਚ ਦਿੱਤੇ ਹੁੰਦੇ ਹਨ |ਸੀ.ਬੀ.ਐਸ.ਈ. ਬੋਰਡ ਪ੍ਰੀਖਿਆਵਾਂ 2026 ਵਿਚ ਸ਼ਾਮਿਲ ਹੋਣ ਵਾਲੇ ਰੈਗੂਲਰ ਵਿਦਿਆਰਥੀਆਂ ਨੂੰ ਆਪਣਾ ਐਡਮਿਟ ਕਾਰਡ ਖ਼ੁਦ ਡਾਊਨਲੋਡ ਨਹੀਂ ਕਰਨਾ ਹੋਵੇਗਾ | ਸਕੂਲ ਦੇ ਅਧਿਕਾਰੀ ਪ੍ਰੀਖਿਆ ਸੰਗਮ ਪੋਰਟਲ 'ਤੇ ਲਾਗਇਨ ਕਰ ਕੇ ਜਮਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਕਰਨਗੇ | ਇਸ ਤੋਂ ਬਾਅਦ ਸਕੂਲ ਐਡਮਿਟ ਕਾਰਡ 'ਤੇ ਪਿ੍ੰਸੀਪਲ ਦੇ ਹਸਤਾਖ਼ਰ ਅਤੇ ਸਕੂਲ ਦੀ ਮੋਹਰ ਲਗਾ ਕੇ ਵਿਦਿਆਰਥੀਆਂ ਨੂੰ ਦੇਵੇਗਾ | ਬਿਨਾਂ ਮੋਹਰ ਅਤੇ ਦਸਤਖ਼ਤ ਵਾਲਾ ਐਡਮਿਟ ਕਾਰਡ ਪ੍ਰੀਖਿਆ ਕੇਂਦਰ ਵਿਚ ਵੈਧ ਨਹੀਂ ਹੋਵੇਗਾ | ਇਸ ਲਈ ਵਿਦਿਆਰਥੀਆਂ ਨੂੰ ਸਕੂਲ ਤੋਂ ਮਿਲਿਆ ਹੋਇਆ ਐਡਮਿਟ ਕਾਰਡ ਹੀ ਪ੍ਰੀਖਿਆ ਵਿਚ ਲੈ ਕੇ ਜਾਣਾ ਹੋਵੇਗਾ | ਸੀ.ਬੀ.ਐਸ.ਈ. ਦੇ ਸ਼ਡਿਊਲ ਅਨੁਸਾਰ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ | 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੱਖ-ਵੱਖ ਪੜਾਵਾਂ ਵਿਚ ਲਈਆਂ ਜਾਣਗੀਆਂ ਅਤੇ 11 ਮਾਰਚ 2026 ਨੂੰ ਸਮਾਪਤ ਹੋਣਗੀਆਂ | ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 10 ਅਪ੍ਰੈਲ 2026 ਤੱਕ ਚੱਲਣਗੀਆਂ | ਇਨ੍ਹਾਂ ਵਿਚ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸ਼ਾਮਿਲ ਹੋਣਗੀਆਂ, ਜਿਨ੍ਹਾਂ ਦੀਆਂ ਤਰੀਕਾਂ ਬੋਰਡ ਦੁਆਰਾ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ |