ਨਵੀਂ ਦਿੱਲੀ, 20 ਫਰਵਰੀ (ਮਿਸਰਦੀਪ ਭਾਟੀਆ)-ਪੱਛਮੀ ਦਿੱਲੀ ਦੇ ਜਨਕਪੁਰੀ ਵਿਚ ਸੜਕੀ ਹਾਦਸੇ ਵਿਚ ਛੇ ਸਾਲ ਦੀ ਬੱਚੀ ਦੀ ਮੌਤ ਹੋ ਗਈ | ਬੱਚੀ ਈ-ਰਿਕਸ਼ਾ ਵਿਚ ਸਵਾਰ ਸੀ ਅਤੇ ਸਕੂਲ ਜਾ ਰਹੀ ਸੀ | ਇਸ ਦੌਰਾਨ ਇਕ ਹੈਚਬੈਕ ਕਾਰ ਨੇ ਉਸ ਦੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਖ਼ੂਨ ਨਾਲ ਲੱਥ -ਪੱਥ ਪਈ ਸੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ | ਬੱਚੀ ਨੂੰ ਤੁਰੰਤ ਮਾਤਾ ਚੰਨਣ ਦੇਵੀ ਹਸਪਤਾਲ ਲਿਜਾਇਆ ਗਿਆ ਫਿਰ ਹਾਲਤ ਗੰਭੀਰ ਹੋਣ 'ਤੇ ਮੈਕਸ ਹਸਪਤਾਲ ਦਵਾਰਕਾ ਸ਼ਿਫਟ ਕੀਤਾ ਗਿਆ | ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਬੱਚੀ ਦੇ ਸਿਰ ਅਤੇ ਸਰੀਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਸਨ ਉਸਦੀ ਨਾਨੀ ਮਰਸੀ ਜੇਵੀਅਰ ਵੀ ਈ-ਰਿਕਸ਼ਾ ਵਿਚ ਸਵਾਰ ਸੀ ਅਤੇ ਉਹ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਈ | ਨਾਨੀ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ | ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ | ਦੋਸ਼ੀ ਦੀ ਪਛਾਣ ਸੰਜੀਵ ਵਜੋਂ ਹੋਈ ਹੈ, ਜੋ ਮਾਜਰਾ ਡਬਾਸ ਪਿੰਡ ਦਾ ਨਿਵਾਸੀ ਹੈ ਅਤੇ ਪੇਸ਼ੇ ਵਜੋਂ ਲੈਬ ਸਹਾਇਕ ਹੈ | ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੀ ਨਾਨੀ ਨੇ ਕਿਹਾ ਕਿ ਅਸੀਂ ਈ-ਰਿਕਸ਼ਾ ਵਿਚ ਸਕੂਲ ਵੱਲ ਜਾ ਰਹੇ ਸੀ | ਈ-ਰਿਕਸ਼ਾ ਬਹੁਤ ਆਰਾਮ ਨਾਲ ਚਲਾ ਰਿਹਾ ਸੀ | ਤਦ ਇਕ ਕਾਰ ਵਾਲੇ ਨੇ ਅਚਾਨਕ ਟੱਕਰ ਮਾਰੀ ਅਤੇ ਅਸੀਂ ਹੇਠਾਂ ਡਿੱਗ ਪਈਆਂ | ਬੱਚੀ ਖ਼ੂਨ ਨਾਲ ਲੱਥ-ਪੱਥ ਹੋ ਗਈ | ਇਸ ਤੋਂ ਬਾਅਦ ਮੈਂ ਉਥੇ ਖੜੇ੍ਹ-ਇਕ ਕਾਰ ਡਰਾਈਵਰ ਨੂੰ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬੇਨਤੀ ਕੀਤੀ ਪਰ ਉਹ ਮਦਦ ਕਰਨ ਦੀ ਬਜਾਏ ਭੱਜ ਗਿਆ | ਅਧਿਕਾਰੀਆਂ ਦੇ ਅਨੁਸਾਰ 17 ਫਰਵਰੀ ਨੂੰ ਮਾਤਾ ਚੰਨਣ ਦੇਵੀ ਹਸਪਤਾਲ ਤੋਂ ਇਕ ਨਾਬਾਲਗ ਨਾਲ ਹੋਏ ਹਾਦਸੇ ਬਾਰੇ ਇਕ ਪੀ. ਸੀ. ਆਰ. ਕਾਲ ਆਈ | ਪੁਲਿਸ ਅਨੁਸਾਰ ਜਨਕਪੁਰੀ ਪੁਲਿਸ ਸਟੇਸ਼ਨ ਵਿਚ ਭਾਰਤੀ ਦੰਡਾਵਾਲੀ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ |