ਕਰਨਾਲ, 25 ਫਰਵਰੀ (ਗੁਰਮੀਤ ਸਿੰਘ ਸੱਗੂ)-ਕਾਂਗਰਸ ਪਾਰਟੀ ਵਲੋਂ ਮਨਰੇਗਾ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚੱਲਦੇ ਅੱਜ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪਰਾਗ ਗਾਬਾ ਦੀ ਅਗਵਾਈ ਹੇਠ ਵਿਧਾਨ ਸਭਾ ਘੇਰਾਓ ਪ੍ਰੋਗਰਾਮ ਲਈ ਕਰਨਾਲ ਤੋਂ ਵੱਡੀ ਗਿਣਤੀ 'ਚ ਵਰਕਰ ਰਵਾਨਾ ਹੋਏ | ਕਾਂਗਰਸੀ ਵਰਕਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਇਕੱਠੇ ਹੋਏ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ 'ਤੇ ਮਨਰੇਗਾ ਯੋਜਨਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ | ਇਸ ਤੋਂ ਬਾਅਦ ਸਾਰੇ ਵਰਕਰ ਵਿਧਾਨ ਸਭਾ ਦੇ ਘੇਰਾਓ ਲਈ ਅੱਗੇ ਵਧੇ | ਇਸ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮਨਰੇਗਾ ਯੋਜਨਾ ਗਰੀਬਾਂ, ਮਜ਼ਦੂਰਾਂ ਅਤੇ ਪੇਂਡੂ ਪਰਿਵਾਰਾਂ ਲਈ ਜੀਵਨ ਰੇਖਾ ਸਾਬਿਤ ਹੋਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਯੋਜਨਾ ਦੇ ਬਜਟ 'ਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਭੁਗਤਾਨਾਂ 'ਚ ਦੇਰੀ ਹੋ ਰਹੀ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ | ਇਸ ਮੌਕੇ ਉਨਾਂ ਨਾਲ ਜੋਗਿੰਦਰ ਵਾਲਮੀਕੀ, ਬਿੰਦਰ ਪੋਸਵਾਲ, ਦਿਲਸ਼ੇਰ ਸਿੰਘ ਵਿਰਕ, ਤਰੁਣ ਚੌਹਾਨ, ਪ੍ਰਹਿਲਾਦ ਸਿੰਘ ਸੰਧੂ, ਦੀਪਕ ਮਹਾਜਨ, ਵਿਨੋਦ ਤਿਤੋਰੀਆ, ਸੁਰੇਸ਼ ਚੌਧਰੀ, ਸੁਰਿੰਦਰ ਨੰਬਰਦਾਰ, ਸ਼ੇਰ ਸਿੰਘ ਡਾਬਰੀ, ਯੁਵਰਾਜ ਸਿੰਘ ਬੱਟੀ, ਭਰਤ ਢਿੱਲੋਂ, ਗੁਰਮੀਤ ਸਿੰਘ, ਸੰਜੇ ਕਾਲੜਾ, ਦੀਪਪਾਲ ਭੱਠਾ, ਪਿ੍ਥਵੀ ਪ੍ਰਵੀਨ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਕਲਾਮਪੁਰਾ, ਨਵਨੀਤ ਰੰਧਾਵਾ, ਰਿਸਪਾਲ ਸਿੰਘ ਡਾਬਰੀ, ਗੁਬਿੰਦਰ ਕੌਰ, ਰਾਕੇਸ਼ ਡਕਵਾਲਾ, ਸਚਿਨ ਮੰਡਲ, ਰਾਮੇਸ਼ਵਰ ਕਸ਼ਯਪ, ਬਿੱਟੂ ਕਸ਼ਯਪ ਅਤੇ ਹੋਰ ਰਵਾਨਾ ਹੋਏ |