ਕਾਲਾਂਵਾਲੀ/ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਗ੍ਰਾਮੀਣ ਬੈਂਕ ਕਾਲਾਂਵਾਲੀ ਵਲੋਂ ਪਿੰਡ ਸੁਖਚੈਨ ਵਿਚ ਇਕ ਵਿੱਤੀ ਸਾਖਰਤਾ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਵਿਚ ਵਿੱਤੀ ਸਲਾਹਕਾਰ ਸੁਭਾਸ਼ ਅਰੋੜਾ ਨੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਤੋਂ ਹਰ ਕੋਈ ਕਿਵੇਂ ਲਾਭ ਉਠਾ ਸਕਦਾ ਹੈ | ਉਨ੍ਹਾਂ ਨੇ ਪਰਿਵਾਰ ਦੇ ਅੰਦਰ ਬੱਚਿਆਂ ਵਿਚ ਚੰਗੇ ਮੁੱਲ ਪੈਦਾ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਕਿਵੇਂ ਬਚਾ ਸਕਦੇ ਹਾਂ | ਉਨ੍ਹਾਂ ਨੇ ਸਾਈਬਰ ਧੋਖਾਧੜੀ ਤੋਂ ਕਿਵੇਂ ਬਚਣਾ ਹੈ ਇਸ ਬਾਰੇ ਸੁਝਾਅ ਵੀ ਦਿੱਤੇ | ਸ਼ਾਖਾ ਪ੍ਰਬੰਧਕ ਲਕਸ਼ਮੀ ਨਾਰਾਇਣ ਰਾਓ ਨੇ ਬੈਂਕ ਦੀਆਂ ਕਰਜ਼ਾ ਤੇ ਜਮ੍ਹਾਂ ਯੋਜਨਾਵਾਂ ਦੇ ਨਾਲ-ਨਾਲ ਫਸਲ ਬੀਮੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਸਾਬਕਾ ਸਰਪੰਚ ਇਕਬਾਲ ਸਿੰਘ ਨੇ ਮੌਜੂਦ ਸਾਰੇ ਪਿੰਡ ਵਾਸੀਆਂ ਨੂੰ ਬੈਂਕ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਸਰਪੰਚ ਇਕਬਾਲ ਸਿੰਘ, ਜਗਦੇਵ ਸਿੰਘ ਨੰਬਰਦਾਰ ਤੇ ਕਈ ਹੋਰ ਪਿੰਡ ਵਾਸੀ ਮੌਜੂਦ ਸਨ |