ਨਵੀਂ ਦਿੱਲੀ, 4 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਕਾਫੀ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਲੋਕਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ | ਦਿੱਲੀ ਦੇ ਸਿਵਲ ਲਾਇਨਜ਼ ਟ੍ਰੈਫਿਕ ਸਰਕਲ ਵਲੋਂ ਚਲਾਏ ਗਏ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ | ਇਸ ਮੁਹਿੰਮ ਪ੍ਰਤੀ ਇਕ ਮਹੀਨੇ ਵਿਚ 10 ਹਜ਼ਾਰ ਤੋਂ ਜ਼ਿਆਦਾ ਚਲਾਨ ਕੀਤੇ ਗਏ ਹਨ ਅਤੇ ਨਾਲ ਹੀ ਹੋ ਰਹੇ ਸੜਕ ਹਾਦਸਿਆਂ ਦੇ ਵਿਚ ਗਿਰਾਵਟ ਆਈ ਹੈ | ਇਹ ਮੁਹਿੰਮ ਟਰਾਂਸਪੋਰਟ ਇੰਸਪੈਕਟਰ ਯਸ਼ਪਾਲ ਭਾਟੀ ਅਤੇ ਅਸਿਸਟੈਂਟ ਪੁਲਿਸ ਕਮਿਸ਼ਨਰ ਅਸ਼ੋਕ ਮਨਡੋਲਾ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ | ਇਸ ਮੁਹਿੰਮ ਦੀ ਨਿਗਰਾਨੀ ਸੈਂਟਰਲ ਰੇਲ ਟ੍ਰੈਫਿਕ ਦੇ ਉਪ ਕਮਿਸ਼ਨਰ ਨਿਸ਼ਾਂਤ ਗੁਪਤਾ ਦੇ ਦੁਆਰਾ ਕੀਤੀ ਜਾ ਰਹੀ ਹੈ | ਇਸ ਮੁਹਿੰਮ ਦੀ ਸ਼ੁਰੂਆਤ ਕਮਲਾ ਨਗਰ ਮਾਰਕਿਟ ਤੋਂ ਕੀਤੀ ਗਈ ਹੈ ਜਿਸ ਦੇ ਵਿਚ ਚੈਕਿੰਗ ਡਰਾਈਵ ਚਲਾਇਆ ਗਿਆ ਜਿਸ ਅਧੀਨ 5 ਹਜ਼ਾਰ ਤੋਂ ਜ਼ਿਆਦਾ ਚਲਾਨ ਕੱਟੇ ਗਏ ਅਤੇ ਨਾਲ ਹੀ 18 ਗੱਡੀਆਂ ਨੂੰ ਜ਼ਬਤ ਵੀ ਕੀਤਾ ਗਿਆ | ਇਸ ਦੇ ਨਾਲ ਹੀ ਦਿੱਲੀ ਦੀ ਰਾਜਪੁਰ ਰੋਡ 'ਤੇ ਇਹ ਮੁਹਿੰਮ ਚਲਾਈ ਗਈ, ਜਿਸ ਵਿਚ ਵੀ 5 ਹਜ਼ਾਰ ਤੋਂ ਜ਼ਿਆਦਾ ਗੱਡੀਆਂ ਦੇ ਚਲਾਨ ਕੀਤੇ ਗਏ | ਇਸ ਮੁਹਿੰਮ ਦੇ ਵਿਚ ਮੁੱਖ ਤੌਰ 'ਤੇ ਗਲਤ ਸਾਈਡ , ਗਲਤ ਡਰਾਈਵਿੰਗ, ਬਿਨਾਂ ਹੈਲਮਟ ਦੇ ਗੱਡੀ ਚਲਾਉਣ, ਲਾਲ ਬੱਤੀ ਪਾਰ ਕਰਨ ਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਸ਼ਾਮਿਲ ਹਨ |