ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿਹਾਲ ਵਿਹਾਰ ਪੁਲਿਸ ਥਾਣੇ ਦੀ ਪੁਲਿਸ ਨੇ ਛੇ ਘੰਟਿਆਂ ਦੇ ਅੰਦਰ ਦੋ ਐਮ.ਵੀ.ਟੀ. (ਮੋਬਾਈਲ ਵੈਰੀਫਿਕੇਸ਼ਨ ਟੂਲਕਿਟ) ਮਾਮਲੇ ਹੱਲ ਕਰ ਲਏ ਹਨ ਅਤੇ ਇਕ ਆਟੋ ਲਿਫਟਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸੰਦੀਪ ਸਿੰਘ ਵਾਸੀ ਚੰਦਰ ਵਿਹਾਰ, ਉਮਰ 22 ਸਾਲ ਹੈ | ਇਹ ਵਿਅਕਤੀ ਪਹਿਲਾਂ ਚੋਰੀ ਦੇ 5 ਮਾਮਲਿਆਂ ਵਿਚ ਸ਼ਾਮਿਲ ਹੈ | ਇਸ ਦੇ ਕੋਲੋਂ ਪੁਲਿਸ ਨੇ 3 ਚੋਰੀ ਦੀਆਂ ਗੱਡੀਆਂ ਬਰਾਮਦ ਕਰ ਲਈਆਂ ਹਨ | ਪੁਲਿਸ ਇਸ ਵਿਅਕਤੀ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ | ਪੁਲਿਸ ਅਨੁਸਾਰ ਪਿਛਲੇ ਦਿਨਾਂ ਤੋਂ ਨਿਹਾਲ ਵਿਹਾਰ ਦੇ ਇਲਾਕੇ ਵਿਚ ਲਗਾਤਾਰ ਗੱਡੀਆਂ ਦੀ ਚੋਰੀ ਹੋ ਰਹੀ ਸੀ ਅਤੇ ਕਈ ਮਾਮਲੇ ਦਰਜ ਵੀ ਕੀਤੇ ਗਏ | ਪੁਲਿਸ ਨੇ ਚੋਰਾਂ ਨੂੰ ਫੜਨ ਦੇ ਲਈ ਇਕ ਟੀਮ ਦਾ ਗਠਨ ਕੀਤਾ, ਜਿਸ ਵਿਚ ਇੰਸਪੈਕਟਰ ਸ਼ੀਸ਼ਪਾਲ, ਐਸ.ਐਚ.ਓ. ਨਿਹਾਰ ਵਿਹਾਰ ਅਤੇ ਹੋਰ ਪੁਲਿਸ ਕਰਮਚਾਰੀ ਸ਼ਾਮਿਲ ਸਨ | ਇਸ ਟੀਮ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਦੀ ਫੁਟੇਜ਼ ਦਾ ਵਿਸ਼ਲੇਸ਼ਨ ਕੀਤਾ ਅਤੇ ਇਕ ਸ਼ੱਕੀ ਵਿਅਕਤੀ ਦੀ ਪਹਿਚਾਣ ਕੀਤੀ | ਇਸ ਦੇ ਨਾਲ ਹੀ ਪੁਲਿਸ ਨੇ ਇਸ ਦੇ ਟਿਕਾਣੇ ਦੀ ਖੁਫ਼ੀਆ ਭਾਲ ਸ਼ੁਰੂ ਕੀਤੀ | ਤਕਨੀਕੀ ਵਿਸ਼ਲੇਸ਼ਣ ਅਤੇ ਸਥਾਨਕ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਉਪਰੋਕਤ ਵਿਅਕਤੀ ਨੂੰ ਚੰਦਰ ਵਿਹਾਰ ਦੇ ਇਲਾਕੇ ਵਿਚੋਂ ਕਾਬੂ ਕਰ ਲਿਆ | ਇਸ ਵਿਅਕਤੀ ਦੇ ਕੋਲੋਂ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕੀਤੀਆਂ ਚੋਰੀਆਂ ਕਬੂਲ ਕਰ ਲਈਆਂ | ਦੋਸ਼ੀ ਸੰਦੀਪ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਇਕ ਆਪਣੇ ਸਾਥੀ ਦੇ ਨਾਲ ਇਕ ਮਹੀਨਾ ਪਹਿਲਾਂ ਹੀ ਇਸ ਕੰਮ ਵਿਚ ਲੱਗਾ ਸੀ ਅਤੇ ਸਭ ਤੋਂ ਪਹਿਲਾਂ ਚੰਦਰ ਵਿਹਾਰ ਦੇ ਇਲਾਕੇ ਵਿਚੋਂ ਇਕ ਸਕੂਟਰੀ ਚੋਰੀ ਕੀਤੀ ਸੀ |