ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਦੂਸਰੇ ਰਾਜਾਂ ਤੋਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਗੈਸ ਦੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਸੀਮਤ ਬਜਟ ਹੁੰਦਾ ਹੈ, ਜਿਸ ਦੇ ਵਿਚ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ | ਕੁਝ ਵਿਦਿਆਰਥੀ ਪੀ. ਜੀ. ਦੇ ਵਿਚ ਰਹਿ ਰਹੇ ਹਨ ਅਤੇ ਪੀ.ਜੀ. ਦੇ ਮਾਲਕਾਂ ਨੇ ਪੈਸੇ ਵਧਾ ਦਿੱਤੇ ਹਨ | ਦੂਸਰੇ ਪਾਸੇ ਕੁਝ ਵਿਦਿਆਰਥੀ ਅਜਿਹੇ ਹਨ ਜੋ ਕਿਰਾਏ 'ਤੇ ਕਮਰਾ ਲੈ ਕੇ ਆਪ ਖਾਣਾ ਬਣਾਉਂਦੇ ਹਨ | ਉਨ੍ਹਾਂ ਨੂੰ ੂ ਗੈਸ ਸਿਲੰਡਰ ਨਹੀਂ ਮਿਲ ਰਿਹਾ | ਮਜਬੂਰ ਹੁੰਦੇ ਹੋਏ ਉਨ੍ਹਾਂ ਨੂੰ ਬਾਹਰੋਂ ਕਾਫੀ ਮਹਿੰਗਾ ਸਿਲੰਡਰ ਲੈਣਾ ਪੈ ਰਿਹਾ ਹੈ | ਦਿੱਲੀ ਦੇ ਲਕਸ਼ਮੀ ਨਗਰ, ਪਟੇਲ ਨਗਰ, ਸਾਕੇਤ, ਗਰੀਨ ਪਾਰਕ, ਜਮਨਾ ਪਾਰ, ਰਾਜਿੰਦਰ ਨਗਰ, ਹਰੀ ਨਗਰ, ਉਤਮ ਨਗਰ, ਤਿਲਕ ਨਗਰ ਤੋਂ ਇਲਾਵਾ ਹੋਰ ਇਲਾਕਿਆਂ ਦੇ ਵਿਚ ਬਾਹਰਲੇ ਰਾਜਾਂ ਤੋਂ ਆਏ ਵਿਦਿਆਰਥੀ ਰਹਿ ਰਹੇ ਹਨ ਅਤੇ ਵੱਖ-ਵੱਖ ਸੈਂਟਰਾਂ 'ਤੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਵਿਚ ਜੁਟੇ ਹੋਏ ਹਨ | ਵਿਦਿਆਰਥੀਆਂ ਨੂੰ ਢਾਬਿਆਂ ਤੋਂ ਖਾਣਾ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਇਨ੍ਹਾਂ ਵਿਦਿਆਰਥੀਆਂ ਦੇ ਵਿਚ ਜ਼ਿਆਦਾ ਕਰਕੇ ਬਿਹਾਰ, ਰਾਜਸਥਾਨ, ਉ ੱਤਰਾਖੰਡ ਤੋਂ ਆਏ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ | ਜੋ ਵਿਦਿਆਰਥੀ ਇਕੱਠੇ ਹੋ ਕੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ ਉਹ ਅਕਸਰ ਛੋਟਾ ਸਿਲੰਡਰ ਵਰਤ ਰਹੇ ਹਨ, ਉਹ ਬਲੈਕ ਦੇ ਵਿਚ ਸਿਲੰਡਰ ਭਰਵਾ ਰਹੇ ਹਨ ਜੋ ਉਨ੍ਹਾਂ ਨੂੰ ਕਾਫੀ ਮਹਿੰਗੇ ਪੈ ਰਹੇ ਹਨ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਰਥਿਕ ਸਮੱਸਿਆ ਦੇ ਨਾਲ ਮਾਨਸਿਕ ਪ੍ਰਸ਼ਾਨੀ ਹੋਣ ਤੇ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ | ਕੁਝ ਵਿਦਿਆਰਥੀ ਇੰਡੈਕਸ਼ਨ ਚੁੱਲ੍ਹਾ ਤੇ ਇਲੈਕਟਿ੍ਕ ਕੂਕਰ ਵੀ ਵਰਤ ਰਹੇ ਹਨ ਪ੍ਰੰਤੂ ਬਿਜਲੀ ਦੇ ਬਿੱਲ ਦਾ ਵੀ ਅਸਰ ਪੈ ਰਿਹਾ ਹੈ | ਇਸ ਤੋਂ ਇਲਾਵਾ ਬਾਜ਼ਾਰ ਦੇ ਵਿਚ ਚਾਹ, ਰੋਟੀ, ਦਾਲ, ਸਨੈਕਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਵੀ ਪਹਿਲਾਂ ਹੀ ਵਧ ਗਈ ਹੈ |