ਟੋਹਾਣਾ, 8 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਦੇ ਵਾਰਡ ਨੰਬਰ 6 ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ (ਪੁਰਾਣੀ ਸਬਜ਼ੀ ਮੰਡੀ) ਵਾਲੀ ਗਲੀ ਪਿਛਲੇ ਇੱਕ ਮਹੀਨੇ ਤੋਂ ਪੁੱਟੀ ਹੋਈ ਪਈ ਹੈ ਪਰ ਸੰਬੰਧਿਤ ਵਿਭਾਗ ਵੱਲੋਂ ਇਸ ਨੰੂ ਠੀਕ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਕਾਰਨ ਇਲਾਕੇ ਦੇ ਵਸਨੀਕਾਂ ਅਤੇ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਗਲੀ ਦੀ ਖ਼ਰਾਬ ਹਾਲਤ ਕਰਕੇ ਉਨ੍ਹਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ | ਕਈ ਲੋਕਾਂ ਦੀਆਂ ਬਾਜ਼ਾਰਾਂ ਵਿੱਚ ਕਿਰਾਏ 'ਤੇ ਦੁਕਾਨਾਂ ਹਨ, ਪਰ ਗਲੀ ਦੇ ਹਾਲਤਾਂ ਕਰਕੇ ਉਹ ਕੰਮ 'ਤੇ ਨਹੀਂ ਜਾ ਸਕਦੇ, ਜਿਸ ਨਾਲ ਉਨ੍ਹਾਂ 'ਤੇ ਆਰਥਿਕ ਬੋਝ ਵੱਧ ਰਿਹਾ ਹੈ | ਲੋਕਾਂ ਮੁਤਾਬਕ ਉਨ੍ਹਾਂ ਨੇ ਕਈ ਵਾਰ ਠੇਕੇਦਾਰ, ਜੇ.ਈ., ਐਮ.ਸੀ. ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਗਲੀ ਵਿੱਚ ਡੂੰਘੇ ਟੋਏ ਹੋਣ ਕਰਕੇ ਬੱਚਿਆਂ ਲਈ ਵੀ ਖ਼ਤਰਾ ਬਣਿਆ ਹੋਇਆ ਹੈ ਅਤੇ ਉਹ ਬਾਹਰ ਖੇਡਣ ਤੋਂ ਡਰਦੇ ਹਨ | ਇੱਕ ਅÏਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਗਲੀ ਵਿੱਚ ਬਣੇ ਟੋਏ ਵਿੱਚ ਡਿਗ ਗਈ ਸੀ, ਜਿਸ ਨਾਲ ਉਹ ਜ਼ਖਮੀ ਹੋ ਗਈ | ਇਸ ਦੇ ਨਾਲ ਹੀ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਵੀ ਵਧ ਰਹੀ ਹੈ | ਸ: ਜਸਕਰਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ (ਪੁਰਾਣੀ ਸਬਜ਼ੀ ਮੰਡੀ) ਅਤੇ ਦੁਖੀ ਵਸਨੀਕਾਂ ਨੇ ਵਾਰਡ ਨੰਬਰ 6 ਦੇ ਐਮ.ਸੀ. ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਲੀ ਦੀ ਮੁਰੰਮਤ ਨੂੰ ਤੁਰੰਤ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |