ਨਵੀਂ ਦਿੱਲੀ, 8 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਈਸਟ ਜ਼ਿਲ੍ਹੇ ਦੀ ਪੁਲਿਸ ਨੇ ਆਪਣੀ 'ਪ੍ਰਾਹਾਰੀ ਸਕੀਮ' ਪ੍ਰਤੀ ਇਕ ਬੈਠਕ ਕੀਤੀ, ਜਿਸ ਵਿਚ ਵੱਖ-ਵੱਖ ਤਕਰੀਬਨ 100 ਰਿਹਾਇਸ਼ੀ ਕਾਲੋਨੀਆਂ ਦੇ ਸਕਿਉਰਟੀ ਗਾਰਡਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ਦੀ ਅਗਵਾਈ ਵਧੀਕ ਡੀ. ਸੀ. ਪੀ. 1 ਸਤੀਸ਼ ਪਾਂਡੇ ਨੇ ਕੀਤੀ | ਬੈਠਕ ਵਿਚ ਹੋਰ ਪੁਲਿਸ ਅਧਿਕਾਰੀਆਂ ਨੇ ਵੀ ਹਿੱਸਾ ਲਿਆ | ਬੈਠਕ ਦੌਰਾਨ ਸਕਿਉਰਟੀ ਗਾਰਡਾਂ ਨੂੰ ਦੱਸਿਆ ਗਿਆ ਕਿ ਕਾਲੋਨੀਆਂ ਵਿਚ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਕਰਨ ਦੇ ਨਾਲ ਰਿਕਾਰਡ ਵੀ ਰੱਖਣਾ ਜ਼ਰੂਰੀ ਹੈ ਅਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਵੀ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ | ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਹਰ ਸਮੇਂ ਸੁਚੇਤ ਰਹਿ ਕੇ ਸਮੇਂ 'ਤੇ ਸੂਚਨਾ ਦੇਣ ਅਤੇ ਨਾਲ ਹੀ ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ | ਬੈਠਕ ਵਿਚ ਸ਼ਾਮਿਲ ਸਕਿਉਰਟੀ ਗਾਰਡਾਂ ਨੇ ਪੁਲਿਸ ਅਧਿਕਾਰੀਆਂ ਵਲੋਂ ਦੱਸੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਦੱਸੀਆਂ ਗਈਆਂ ਗੱਲਾਂ 'ਤੇ ਅਮਲ ਕਰਨ ਦਾ ਵਿਸ਼ਵਾਸ ਦਿਵਾਇਆ |