ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵਲੋਂ ਪੰਜਾਬੀ ਭਵਨ ਆਈ. ਟੀ. ਓ. ਵਿਖੇ ਸਾਹਿਤਕ ਇਕੱਤਰਤਾ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਪ੍ਰੋ: ਕਰਾਂਤੀਪਾਲ (ਆਧੁਨਿਕ ਭਾਰਤੀ ਭਾਸਾਵਾਂ ਅਲੀਗੜ੍ਹ ਮੁਸਲਿਮ ਯੂੀਵਰਸਿਟੀ ਨੇ ਕੀਤੀ | ਸ਼ੁਰੂ ਵਿਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਆਏ ਲੇਖਕਾਂ ਦੇ ਨਾਲ ਜਾਣ-ਪਹਿਚਾਣ ਕਰਵਾਈ | ਸ਼ੁਰੂ ਵਿਚ ਸੁਰਿੰਦਰਸਿੰਘ ਓਬਰਾਏ ਦੀ ਕਹਾਣੀ 'ਫਿਊਜ਼ ਹੋਇਆ ਬਲਬ' ਪੜ੍ਹੀ | ਗ਼ਜ਼ਲਗੋ ਜਸਵੰਤ ਸਿੰਘ ਸੇਖਵਾਂ ਨੇ ਦੋ ਗ਼ਜ਼ਲਾਂ ਸੁਣਾ ਕੇ ਚੰਗੀ ਵਾਹ ਵਾਹ ਖੱਟੀ | ਜਯੋਤੀ ਕ੍ਰਿਸ਼ਨ ਵਰਮਾ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਕਾਇਆ ਪ੍ਰਭਜੋਤ ਕੌਰ ਨੇ ਸੁਫਨਿਆਂ ਦੇ ਰੰਗ, ਤੂ ਖ਼ੁਆਬ ਸਹੀ, ਦਿਲ ਬੇਚੈਨ ਆਦਿ ਕਵਿਤਾਵਾਂ ਸੁਣਾਈਆਂ | ਇਕੱਤਰਤਾ ਦੇ ਅਖੀਰ ਵਿਚ ਗਗਨਮੀਤ ਦੀ ਲਿਖੀ ਨਵੀਂ ਪੁਸਤਕ 'ਖਲਾਅ ਵਿਖ ਖਿਲਰੇ ਖ਼ਤ' (ਧੀ ਵਲੋਂ ਪਿਤਾ ਨੂੰ ਖ਼ਤ) ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਪ੍ਰੋ: ਰੇਣੂਕਾ ਸਿੰਘ, ਡਾ. ਵਨੀਤਾ, ਡਾ. ਰਵੇਲ ਸਿੰਘ ਅਤੇ ਹੋਰ ਲੇਖਕਾਂ ਵਲੋਂ ਰਿਲੀਜ਼ ਕੀਤੀ ਗਈ | ਇਸ ਮੌਕੇ ਲੇਖਿਕਾ ਉਪਮਾ ਡਾਗਾ, ਨਾਵਲਕਾਰ ਰੂਪ ਸਿੰਘ, ਬਲਵਿੰਦਰ ਕੌਰ, ਜਗਤਾਰਜੀਤ ਅਤੇ ਹੋਰ ਕਾਫੀ ਸ਼ਖ਼ਸੀਅਤਾਂ ਹਾਜ਼ਰ ਸਨ | ਸਮੁੱਚੇ ਤਰ 'ਤੇ ਇਹ ਇਕੱਤਰਤਾ ਪੂਰੀ ਤਰ੍ਹਾਂ ਸਫਲ ਰਹੀ | ਦਿੱਲੀ ਦੀ ਇਸ ਸਾਹਿਤ ਸਭਾ ਦੇ ਵਿਚ ਛੋਟੇ-ਵੱਡੇ ਲੇਖਕਾਂ ਨੂੰ ਮੰਚ ਪ੍ਰਦਾਨ ਕੀਤਾ ਜਾਦਾ ਹੈ ਜੋ ਕਿ ਸ਼ਲਾਘਾਯੋਗ ਹੈ |