ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਲੋਕ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਬਿਲਕੁਲ ਵੀ ਕਸਰ ਨਹੀਂ ਛੱਡ ਰਹੇ | ਇਨ੍ਹਾਂ ਨਿਯਮਾਂ ਵਿਚ ਖ਼ਾਸ ਕਰਕੇ ਲਾਲ ਬੱਤੀ ਨੂੰ ਪਾਰ ਕਰਨ ਅਤੇ ਹੈਲਮਟ ਨਾ ਪਾਉਣ ਦੀਆਂ ਸ਼ਿਕਾਇਤਾਂ ਜ਼ਿਆਦਾ ਗਿਣਤੀ ਵਿਚ ਹਨ | ਹਾਲਾਂਕਿ ਟਰੈਫਿਕ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਜਾਗਰੂਕ ਹੋ ਕੇ ਕਾਰਵਾਈ ਵੀ ਕਰ ਰਹੀ ਹੈ ਪ੍ਰੰਤੂ ਦਿੱਲੀ ਵਿਚ ਟਰੈਫ਼ਿਕ ਹੀ ਐਨਾ ਹੈ ਕਿ ਇਹ ਬੇਕਾਬੂ ਹੋਇਆ ਬੇਵਸੀ ਦਾ ਕਾਰਨ ਵੀ ਬਣਿਆ ਹੋਇਆ ਹੈ | ਦਿੱਲੀ ਵਿਚ ਜ਼ਿਆਦਾ ਕਰਕੇ ਲੋਕ ਟਰੈਫ਼ਿਕ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ | ਇਸ ਮੁੱਦੇ ਪ੍ਰਤੀ ਜਾਗਰੂਕ ਨਾਗਰਿਕ ਵੀ ਪੁਲਿਸ ਦੀ ਸਹਾਇਤਾ ਕਰ ਰਹੇ ਹਨ ਅਤੇ ਇਹ ਲੋਕ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ | ਟਰੈਫ਼ਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਬਿਨਾਂ ਹੈਲਮਟ ਦੀਆਂ ਮਿਲ ਰਹੀਆਂ ਹਨ ਜਦਕਿ ਟਰੈਫ਼ਿਕ ਪੁਲਿਸ ਮੁਲਾਜ਼ਮ ਸਮੇਂ-ਸਮੇਂ 'ਤੇ ਚਲਾਈ ਜਾ ਰਹੀ ਮੁਹਿੰਮ ਵਿਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ | ਇਸ ਤੋਂ ਇਲਾਵਾ ਟਰੈਫ਼ਿਕ ਪੁਲਿਸ ਗ਼ਲਤ ਦਿਸ਼ਾ ਵੱਲ ਗੱਡੀ ਚਲਾਉਣਾ, ਸੀਟ ਬੈਲਟ ਨਾ ਲਗਾਉਣਾ, ਖ਼ਤਰਨਾਕ ਡਰਾਈਵਿੰਗ ਕਰਨਾ, ਸਟਾਪ ਲਾਈਨ ਦਾ ਉਲੰਘਣਾ ਕਰਨਾ, ਟਿ੍ਪਲਿੰਗ ਰਾਈਡਿੰਗ ਕਰਨ 'ਤੇ ਵੀ ਚਾਲਾਨ ਕਰ ਰਹੀ ਹੈ ਪ੍ਰੰਤੂ ਫਿਰ ਵੀ ਚਲਾਨ ਘੱਟ ਨਹੀਂ ਹੋ ਰਹੇ |