ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੈਸ ਦੀ ਦਿੱਕਤ ਦਾ ਖ਼ਮਿਆਜ਼ਾ ਸਭ ਤੋਂ ਜ਼ਿਆਦਾ ਮਜ਼ਦੂਰ ਤਬਕੇ ਨੂੰ ਪੈ ਰਿਹਾ ਹੈ ਜੋ ਕਿ ਹੋਰਨਾਂ ਰਾਜਾਂ ਵਿਚੋਂ ਦਿੱਲੀ ਆ ਕੇ ਦਿਹਾੜੀ ਦੱੱਪਾ ਅਤੇ ਹੋਰ ਛੋਟੇ-ਮੋਟੇ ਕੰਮ ਕਰ ਕੇ ਰੋਟੀ ਰੋਜ਼ੀ ਕਮਾ ਰਹੇ ਹਨ | ਕੁਝ ਦਿਨ ਇਹ ਕਿਵੇਂ ਨਾ ਕਿਵੇਂ ਜ਼ਿੰਦਗੀ ਗੁਜ਼ਾਰਦੇ ਰਹੇ ਪ੍ਰੰਤੂ ਜਦੋਂ ਤੰਗ ਹੋ ਗਏ ਤਾਂ ਇਹ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਆਪਣੇ ਘਰਾਂ ਨੂੰ ਤੁਰਦੇ ਬਣੇ | ਹੁਣ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਸਰਕਾਰ ਨੇ ਰਾਹਤ ਦਿੱਤੀ ਹੈ | ਸਰਕਾਰ ਨੇ ਪੰਜ ਕਿੱਲੋ ਦੇ ਫਰੀ ਟਰੇਡ ਐਲ.ਪੀ.ਜੀ. (ਐਫ.ਟੀ.ਐਲ.,) ਸਿਲੰਡਰਾਂ ਦੀ ਰੋਜ਼ਾਨਾ ਮੌਜੂਦਗੀ ਨੂੰ ਦੁੱਗਣਾ ਕਰ ਦਿੱਤਾ ਹੈ ਤਾਂ ਕਿ ਮਜ਼ਦੂਰਾਂ ਨੂੰ ਭਟਕਣਾ ਨਾ ਪਵੇ | ਹੁਣ ਇਨ੍ਹਾਂ ਛੋਟੇ ਸਿਲੰਡਰਾਂ ਦੀ ਰੋਜ਼ਾਨਾ ਅਪੂਰਤੀ 684 ਤੋਂ ਵਧਾ ਕੇ 1368 ਕਰ ਦਿੱਤੀ ਗਈ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਜਿਸ ਇਲਾਕੇ ਵਿਚ ਮਜ਼ਦੂਰ ਜ਼ਿਆਦਾ ਗਿਣਤੀ ਵਿਚ ਰਹਿ ਰਹੇ ਹਨ, ਉੱਥੇ ਜ਼ਿਆਦਾ ਸਿਲੰਡਰ ਦਿੱਤੇ ਜਾਣਗੇ | ਇਸ ਤੋਂ ਇਲਾਵਾ ਜ਼ਿਲਿ੍ਹਆਂ ਵਿਚ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ | ਇਨ੍ਹਾਂ ਕੈਂਪਾਂ ਦਾ ਸੰਚਾਲਨ ਤੇਲ ਵਿਤਰਨ ਕੰਪਨੀਆਂ ਅਤੇ ਐਲ.ਪੀ.ਜੀ. ਵਿਤਰਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਤਾਂ ਕਿ ਇਹ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸ਼ੀ ਹੋਵੇ | ਇਸ ਯੋਜਨਾ ਵਿਚ ਅਧਾਰ ਕਾਰਡ ਜ਼ਰੂਰ ਵਿਖਾਉਣਾ ਹੋਵੇਗਾ ਤਾਂ ਕਿ ਇਨ੍ਹਾਂ ਦੀ ਪਹਿਚਾਣ ਹੋ ਸਕੇ | ਇਸ ਯੋਜਨਾ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰ 'ਤੇ ਟੀਮਾਂ ਹੋਣਗੀਆਂ ਜੋ ਕਿ ਇਸ ਯੋਜਨਾ ਪ੍ਰਤੀ ਨਿਗਰਾਨੀ ਰੱਖਣਗੀਆਂ ਤਾਂ ਕਿ ਮਜ਼ਦੂਰਾਂ ਨੂੰ ਆਸਾਨੀ ਨਾਲ ਸਿਲੰਡਰ ਮਿਲ ਸਕੇ ਅਤੇ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚ ਸਕਣ | ਵਰਨਣਯੋਗ ਹੈ ਕਿ ਦਿੱਲੀ ਵਿਚ ਮਜ਼ਦੂਰਾਂ ਦੀ ਬਹੁਤ ਵੱਡੀ ਗਿਣਤੀ ਹੈ ਜੋ ਕਿ ਹਰ ਪ੍ਰਾਈਵੇਟ ਕੰਪਨੀਆਂ, ਦੁਕਾਨਾਂ ਤੇ ਹੋਰ ਵਪਾਰਕ ਧੰਦਿਆਂ ਵਿਚ ਛੋਟੀ-ਮੋਟੀ ਨੌਕਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਇਸ ਤੋਂ ਪਹਿਲਾਂ ਕਰੋਨਾ ਸਮੇਂ ਵੀ ਇਹੀ ਮਜ਼ਦੂਰ ਦਿੱਲੀ ਛੱਡ ਕੇ ਚਲੇ ਗਏ ਸਨ ਪ੍ਰੰਤੂ ਹਾਲਤ ਠੀਕ ਹੋਣ 'ਤੇ ਫਿਰ ਵਾਪਸ ਆ ਗਏ ਸਨ |