ਸਿਰਸਾ, 14 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸੀਆਈਏ ਸਟਾਫ ਕਾਲਾਂਵਾਲੀ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ ਹੈ, ਜਿਸ ਨਾਲ ਇੱਕ ਵੱਡੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ 'ਤੇ ਪਰਦਾਫਾਸ਼ ਹੋਇਆ ਹੈ | ਇਸ ਮਾਮਲੇ 'ਚ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 1 ਕਿਲੋ 485 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਿਸਦੀ ਕੀਮਤ ਬਾਜ਼ਾਰ ਵਿੱਚ ਲਗਭਗ 3 ਕਰੋੜ ਦੱਸੀ ਜਾ ਰਹੀ ਹੈ | ਥਾਣਾ ਕਾਲਾਂਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੰਦੀਪ ਧਨਖੜ ਨੇ ਦੱਸਿਆ ਕਿ 13 ਅਪਰੈਲ, 2026 ਨੂੰ ਸੀਆਈਏ ਸਟਾਫ ਦੇ ਇੰਚਾਰਜ ਅਧਿਕਾਰੀ ਸੁਰੇਸ਼ ਕੁਮਾਰ ਆਪਣੀ ਟੀਮ ਨਾਲ ਕਾਲਾਂਵਾਲੀ ਵਿੱਚ ਮੌਜੂਦ ਸੀ | ਇਸ ਦੌਰਾਨ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਕਿ ਪਿੰਡ ਸਵਾਈਪੁਰ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਲਵਪ੍ਰੀਤ, ਬਾਬਾ ਜੀਵਨ ਸਿੰਘ ਜ਼ਿਲ੍ਹਾ ਅਬੋਹਰ ਦਾ ਰਹਿਣ ਵਾਲਾ ਰਾਜਦੀਪ ਉਰਫ਼ ਅੱਕੂ ਅਤੇ ਸਰਦਾਰਗੜ੍ਹ ਜ਼ਿਲ੍ਹਾ ਬਠਿੰਡਾ (ਪੰਜਾਬ) ਦਾ ਰਹਿਣ ਵਾਲਾ ਅਮਨਿੰਦਰ ਉਰਫ਼ ਅਬੂ ਹੈਰੋਇਨ ਤਸਕਰੀ ਵਿੱਚ ਸ਼ਾਮਲ ਹਨ ਅਤੇ ਬਠਿੰਡਾ ਤੋਂ ਡੱਬਵਾਲੀ ਸਪਲਾਈ ਕਰਨ ਲਈ ਇੱਕ ਕਾਰ ਵਿੱਚ ਪੰਜਾਬ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਲੈ ਕੇ ਰਹੇ ਹਨ | ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੀਆਈਏ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਡੱਬਵਾਲੀ-ਸਿਰਸਾ ਰੋਡ 'ਤੇ ਪਹੰੁਚੀ ਅਤੇ ਉਨ੍ਹਾਂ ਨੇ ਸਿਰਸਾ ਦੇ ਸਾਹਮਣੇ ਡੇਰਾ ਕੰਟੀਨ ਦੇ ਨੇੜੇ ਭਾਰਤਮਾਲਾ ਪੁਲ ਦੇ ਨੇੜੇ ਇੱਕ ਕਾਰ ਖੜ੍ਹੀ ਦੇਖੀ | ਕਾਰ ਵਿੱਚ ਤਿੰਨ ਨੌਜਵਾਨ ਬੈਠੇ ਦਿਖਾਈ ਦਿੱਤੇ | ਜਿਹਨਾਂ ਨੂੰ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਨਾਮ ਅਤੇ ਪਤੇ ਪੁੱਛਣ 'ਤੇ ਡਰਾਈਵਰ ਨੇ ਆਪਣਾ ਨਾਮ ਲਵਪ੍ਰੀਤ ਸਿੰਘ, ਨਾਲ ਬੈਠੇ ਨੌਜਵਾਨ ਨੇ ਆਪਣਾ ਨਾਂ ਰਾਜਦੀਪ ਸਿੰਘ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਅਮਨਿੰਦਰ ਦੱਸਿਆ | ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਕਾਰ ਦੀ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਗੇਅਰ ਲੀਵਰ ਦੇ ਨੇੜੇ ਇੱਕ ਕਾਲਾ ਪੋਲੀਥੀਨ ਬੈਗ ਮਿਲਿਆ | ਇਸਦੀ ਜਾਂਚ ਕਰਨ 'ਤੇ 1 ਕਿਲੋ 485 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲੀਸ ਨੇ ਕਾਰ ਅਤੇ ਹੈਰੋਇਨ ਨੂੰ ਜ਼ਬਤ ਕਰ ਲਿਆ ਅਤੇ ਤਿੰਨਾਂ ਮੁਲਜ਼ਮਾਂ ਵਿਰੁੱਧ ਡੱਬਵਾਲੀ ਸਿਟੀ ਥਾਣੇ ਵਿਖੇ ਨਾਰਕੋਟਿਕ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ | ਰਿਮਾਂਡ ਦੀ ਮਿਆਦ ਦੌਰਾਨ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਨਸ਼ਾ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |