ਜਲੰਧਰ, 21 ਅਪ੍ਰੈਲ (ਜਤਿੰਦਰ ਪੰਮੀ)- ਲੰਘੀ 14 ਅਪ੍ਰੈਲ ਨੂੰ ਦਿਲਕੁਸ਼ਾ ਮਾਰਕੀਟ 'ਚ ਮੈਡੀਕਲ ਸਟੋਰ ਦੇ ਮਾਲਕ 'ਤੇ ਦਾਤਰ ਨਾਲ ਹਮਲਾ ਕਰਕੇ ਬਾਂਹ ਵੱਢਣ ਵਾਲੇ ਮੁਲਜ਼ਮ ਨੂੰ ਥਾਣਾ ਚਾਰ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਹਰਦੀਪ ਉਰਫ਼ ਅੰਮੂ ਵਾਸੀ ਤਿਲਕ ਨਗਰ ਵਜੋਂ ਹੋਈ ਹੈ, ਜਿਸ ਕੋਲੋਂ ਲੋਹੇ ਦਾ ਖੰਡਾ ਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ | ਦੱਸਣਯੋਗ ਹੈ ਕਿ 14 ਅਪ੍ਰੈਲ ਨੂੰ ਸ਼ਾਮ ਵੇਲੇ ਜਦੋਂ ਸੰਦੀਪ ਆਹੂਜਾ ਉਰਫ ਰਿੰਕੂ ਵਾਸੀ ਨਿਜ਼ਾਤਮ ਨਗਰ ਆਪਣੀ ਪਤਨੀ ਕੰਚਨ ਆਹੂਜਾ ਨਾਲ ਦਿਲਕੁਸ਼ਾ ਮਾਰਕੀਟ ਸਥਿਤ ਆਪਣੀ ਦੁਕਾਨ 'ਚ ਮੌਜੂਦ ਸੀ ਤਾਂ ਇਕ ਅਣਪਛਾਤੇ ਵਿਅਕਤੀ, ਜਿਸ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ, ਦੁਕਾਨ 'ਚ ਦਾਖਲ ਹੋ ਕੇ ਸੰਦੀਪ ਆਹੂਜਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ | ਪੀੜਤ ਵਲੋਂ ਰੌਲਾ ਪਾਉਣ 'ਤੇ ਹਮਲਵਾਰ ਭੱਜ ਗਿਆ ਪਰ ਉਸ ਦਾ ਲੋਹੇ ਦਾ ਖੰਡਾ ਉਥੇ ਹੀ ਡਿੱਗ ਗਿਆ | ਇਸ ਸੰਬੰਧੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜ ਗਈ | ਪੀੜਤ ਦੇ ਬਿਆਨਾਂ ਦੇ ਆਧਾਰ ਪੁਲਿਸ ਵਲੋਂ ਤੁਰੰਤ ਕਾਰਵਾਈ ਆਰੰਭ ਦਿੱਤੀ ਗਈ | ਤਫਤੀਸ਼ ਦੌਰਾਨ ਪੁਲਿਸ ਨੇ ਹਮਲਾ ਕਰਨ ਵਾਲੇ ਹਰਦੀਪ ਉਰਫ ਅੰਮੂ ਨੂੰ ਬੀਤੇ ਦਿਨ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਚਾਰ ਵਿਚ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਪੁਲਿਸ ਕਮਿਸ਼ਨਰ ਮੁਤਾਬਿਕ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ |