ਟੋਹਾਣਾ, 22 ਅਪ੍ਰੈਲ (ਮਨਜੀਤ ਸਿੰਘ) - 'ਵਿਸ਼ਵ ਧਰਤੀ ਦਿਵਸ' ਦੇ ਮੌਕੇ 'ਤੇ ਸਮਾਜਸੇਵੀ ਅਤੇ ਸਨੇਕ ਰੈਸਕਿਊਅਰ ਨਵਜੋਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਵਾਤਾਵਰਨ ਅਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਜਾਗਰੂਕ ਕੀਤਾ | ਉਨ੍ਹਾਂ ਕਿਹਾ, ਇਸ ਧਰਤੀ 'ਤੇ ਰਹਿਣ ਦਾ ਅਧਿਕਾਰ ਹਰ ਜੀਵ ਨੂੰ ਹੈ | ਰੁੱਖਾਂ-ਬੂਟਿਆਂ ਅਤੇ ਜੀਵ-ਜੰਤੂਆਂ ਤੋਂ ਬਿਨਾਂ ਜੀਵਨ ਸੰਭਵ ਨਹੀਂ, ਇਸ ਲਈ ਸਾਨੂੰ ਮਿਲ ਕੇ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ 'ਵਿਸ਼ਵ ਧਰਤੀ ਦਿਵਸ' ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਵਾਤਾਵਰਨ ਸੰਭਾਲ, ਪ੍ਰਦੂਸ਼ਣ ਘਟਾਉਣ, ਰੁੱਖ ਲਗਾਉਣ ਅਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਪ੍ਰੇਰਿਤ ਕਰਨਾ ਹੈ | ਨਵਜੋਤ ਸਿੰਘ ਢਿੱਲੋਂ ਨੇ ਚੇਤਾਵਨੀ ਦਿੱਤੀ ਕਿ ਵਧਦਾ ਪ੍ਰਦੂਸ਼ਣ, ਰੁੱਖਾਂ ਦੀ ਅੰਨ੍ਹੇ-ਵਾਹ ਕਟਾਈ ਅਤੇ ਜੰਗਲੀ ਜੀਵਾਂ ਦੀ ਘਟਦੀ ਗਿਣਤੀ ਧਰਤੀ ਲਈ ਵੱਡਾ ਖ਼ਤਰਾ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸਾਵਧਾਨੀ ਨਾ ਵਰਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸੁਰੱਖਿਅਤ ਵਾਤਾਵਰਨ ਮੁਸ਼ਕਿਲ ਹੋ ਜਾਵੇਗਾ | ਇਸ ਦੌਰਾਨ ਇੱਕ ਘਰ ਵਿੱਚ ਇੱਕੋ ਸਮੇਂ ਕਈ ਸੱਪ ਨਿਕਲਣ ਦੀ ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਾਰੇ ਸੱਪਾਂ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕਰਕੇ ਬਿਨਾਂ ਨੁਕਸਾਨ ਪਹੁੰਚਾਏ ਕੁਦਰਤੀ ਵਾਤਾਵਰਨ ਵਿੱਚ ਛੱਡਿਆ | ਇਸ ਮੌਕੇ ਉਨ੍ਹਾਂ ਨੇ ਘਰ ਦੇ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਸੱਪ ਜਾਂ ਹੋਰ ਜੰਗਲੀ ਜੀਵ ਨਜ਼ਰ ਆਏ ਤਾਂ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਹਰ ਜੀਵ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ |