ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਰੇਲਾ ਉਦਯੋਗਿਕ ਇਕਾਲੇ ਵਿਚ ਅੱਜ ਸਵੇਰੇ ਜੁੱਤੀਆਂ ਦੀ ਫੈਕਟਰੀ ਨੂੰ ਅੱਗ ਲੱਗ ਗਈ | ਇਹ ਫੈਕਟਰੀ 'ਏ' ਬਲਾਕ ਵਿਖੇ ਸਥਿਤ ਸੀ | ਅੱਗ ਇੰਨੀ ਭਿਆਨਕ ਸੀ ਕਿ ਅੱਗੇ-ਅੱਗੇ ਵਧਦੀ ਹੀ ਗਈ ਤੇ ਇਸ ਨੇ ਸਾਰੀ ਹੀ ਫੈਕਟਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਲਾਕੇ ਵਿਚ ਸਾਰੇ ਪਾਸੇ ਕਾਲਾ ਧੂੰਆਂ ਫ਼ੈਲ ਗਿਆ ਅਤੇ ਲੋਕਾਂ ਦੀ ਭੀੜ ਵੀ ਇੰਨੀ ਜਮ੍ਹਾਂ ਹੋ ਗਈ ਕਿ ਉਸ ਨੂੰ ਹਟਾਉਣਾ ਵੀ ਮੁਸ਼ਾਕਿਲ ਹੋ ਗਿਆ | ਇਸ ਘਟਨਾ ਦੀ ਸੂਚਨਾ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਨੂੰ ਉਸੇ ਹੀ ਸਮੇਂ ਦਿੱਤੀ ਗਈ | ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੀਆਂ ਤਕਰੀਬਨ 17 ਗੱਡੀਆਂ ਘਟਨਾ ਵਾਲੀ ਥਾਂ 'ਤੇ ਪੁੱਜੀਆਂ ਅਤੇ ਵਿਭਾਗ ਦੇ ਕਰਮਚਾਰੀ ਅੱਗ ਨੂੰ ਬੁਝਾਉਣ ਵਿਚ ਲੱਗ ਗਏ | ਅੱਗ ਇੰਨੀ ਜ਼ਬਰਦਸਤ ਸੀ ਕਿ ਵਿਭਾਗ ਦੇ ਕਰਮਚਾਰੀਆਂ ਨੂੰ 2 ਹੋਰ ਗੱਡੀਆਂ ਮੌਕੇ 'ਤੇ ਬੁਲਾਉਣੀਆਂ ਪਈਆਂ | ਇਹ ਅੱਗ ਕਿਵੇਂ ਲੱਗੀ, ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ | ਅੱਗ ਲੱਗਣ 'ਤੇ ਕਿੰਨਾ ਨੁਕਸਾਨ ਹੋਇਆ ਹੈ, ਉਸ ਦਾ ਅੰਦਾਜ਼ਾ ਵੀ ਨਹੀਂ ਹੈ | ਘਟਨਾ ਵਾਲੀ ਥਾਂ 'ਤੇ ਪੁਲਿਸ ਲੋਕਾਂ ਨੂੰ ਹਟਾ ਰਹੀ ਹੈ, ਪਰ ਫਿਰ ਵੀ ਲੋਕ ਪੂਰੀ ਤਰ੍ਹਾਂ ਨਹੀਂ ਹਟ ਰਹੇ | ਅੱਗ ਬੁਝਾਊ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਘਟਨਾ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਵਰਨਣਯੋਗ ਹੈ ਕਿ ਗਰਮੀ ਦੇ ਇਸ ਮੌਸਮ ਵਿਚ ਦਿੱਲੀ ਅੰਦਰ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਹੋ ਰਹੀਆਂ ਹਨ | ਖ਼ਬਰ ਲਿਖਣ ਤੱਕ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਸੀ |