ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪਾਸਪੋਰਟ ਵਿਭਾਗ ਦੇ ਵਲੋਂ ਦਿੱਲੀ ਦੇ ਤਿੰਨ ਪ੍ਰਮੁੱਖ ਕੇਂਦਰਾਂ 'ਤੇ ਆਨਲਾਈਨ ਸਲਾਟ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ, ਤਾਂ ਜੋ ਪਾਸਪੋਰਟ ਬਣਾਉਣ ਵਾਲਿਆਂ ਨੂੰ ਜ਼ਿਆਦਾ ਸਮਾਂ ਨਾ ਲੱਗੇ | ਇਨ੍ਹਾਂ ਕੇਂਦਰਾਂ ਵਿਚ ਸ਼ਾਲੀਮਾਰ ਬਾਗ, ਝੰਡੇਵਾਲਾਨ ਅਤੇ ਡਿਫ਼ੈਂਸ ਕਾਲੋਨੀ ਦਿੱਲੀ ਸ਼ਾਮਿਲ ਹਨ | ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ, ਜਿਸ ਕਰਕੇ ਤਿੰਨ ਸੈਂਟਰਾਂ ਦੇ ਆਨਲਾਈਨ ਸਲਾਟ ਦੀ ਗਿਣਤੀ ਵਧਾ ਦਿੱਤੀ ਗਈ ਹੈ ਤਾਂ ਕਿ ਲੋਕਾਂ ਨੂੰ ਹੁਣ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ | ਇਸ ਵਿਵਸਥਾ ਨਾਲ ਨੌਕਰੀ, ਪੜ੍ਹਾਈ ਜਾਂ ਵਿਦੇਸ਼ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਰਾਹਤ ਮਿਲੇਗੀ | ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰਤ ਪੈਣ 'ਤੇ ਇਨ੍ਹਾਂ ਦੀ ਗਿਣਤੀ ਹੋਰ ਵੀ ਵਧਾਈ ਜਾ ਸਕਦੀ ਹੈ | ਡਿਫੈਂਸ ਕਾਲੋਨੀ ਦੇ ਪਾਸਪੋਰਟ ਕੇਂਦਰ ਵਿਖੇ ਰੋਜ਼ਾਨਾ 200 ਨਵੇਂ ਸਲਾਟ ਜਾਰੀ ਕੀਤੇ ਗਏ ਹਨ | ਸ਼ਾਲੀਮਾਰ ਪਾਸਪੋਰਟ ਕੇਂਦਰ ਵਿਖੇ ਰੋਜ਼ਾਨਾ 190 ਸਲਾਟ ਜਾਰੀ ਕੀਤੇ ਗਏ ਹਨ | ਇਸ ਦੇ ਨਾਲ ਹੀ ਝੰਡੇਵਾਲਾਨ ਪਾਸਪੋਰਟ ਕੇਂਦਰ ਵਿਖੇ ਪ੍ਰਤੀ ਦਿਨ 350 ਸਲਾਟ ਅਲਾਟ ਕੀਤੇ ਗਏ ਹਨ | ਵਰਨਣਯੋਗ ਹੈ ਕਿ ਦਿੱਲੀ ਵਿਚ ਜਿੰਨੇ ਵੀ ਪਾਸਪੋਰਟ ਕੇਂਦਰ ਸਥਾਪਿਤ ਕੀਤੇ ਗਏ ਹਨ, ਉਨ੍ਹਾਂ ਵਿਚ ਪਾਸਪੋਰਟ ਬਣਾਉਣ ਵਾਲਿਆਂ ਦੀ ਰੋਜ਼ਾਨਾ ਭੀੜ ਹੀ ਹੁੰਦੀ ਹੈ | ਹਾਲਾਂਕਿ ਕੇਂਦਰ ਵਾਲਿਆਂ ਨੇ ਪੂਰੀ ਤਰ੍ਹਾਂ ਅੰਦਰ ਅਨੁਸ਼ਾਸਨ ਕਾਇਮ ਰੱਖਿਆ ਹੋਇਆ ਹੈ |