ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਲੂ ਤੇ ਗਰਮੀ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਇਕ ਅਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਨਾਲ ਹੀ ਸਰਕਾਰ ਨੇ ਸਕੂਲਾਂ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਦਿੱਤੇ ਹਨ | ਇਨ੍ਹਾਂ ਵਿਚ ਇਕ ਇਹ ਵੀ ਹੈ ਕਿ ਸਕੂਲਾਂ ਵਿਚ ਹਰ ਘੰਟੇ ਬਾਅਦ 'ਵਾਟਰ ਬੈੱਲ' ਵਜਾਈ ਜਾਵੇਗੀ, ਜੋ ਕਿ ਸਕੂਲਾਂ ਦੇ ਬੱਚਿਆਂ ਨੂੰ ਪਾਣੀ ਪੀਣ ਦੀ ਯਾਦ ਦਿਵਾਏਗੀ, ਤਾਂ ਕਿ ਬੱਚਿਆਂ 'ਚ ਪਾਣੀ ਦੀ ਕਮੀ ਨਾ ਹੋਵੇ | ਇਸ ਨਾਲ ਇਹ ਵੀ ਦੱਸਿਆ ਕਿ ਸਕੂਲ ਦੇ ਦੋ ਬੱਚੇ ਇਕ-ਦੂਜੇ ਪ੍ਰਤੀ ਜ਼ਿੰਮੇਵਾਰੀ ਨਿਭਾਉਣਗੇ ਕਿ ਜੇਕਰ ਦੋਵਾਂ ਵਿਚੋਂ ਕਿਸੇ ਇਕ ਬੱਚੇ ਦੀ ਸਿਹਤ ਖ਼ਰਾਬ ਹੁੰਦੀ ਹੈ ਤਾਂ ਦੂਸਰਾ ਬੱਚਾ ਇਸ ਬਾਰੇ ਅਧਿਆਪਕ ਨੂੰ ਦੱਸੇਗਾ | ਇਸ ਵਿਵਸਥਾ ਪ੍ਰਤੀ ਸਕੂਲਾਂ ਨੂੰ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਸਕੂਲ ਦੀ ਸਵੇਰ ਵਾਲੀ ਪ੍ਰਾਰਥਨਾ ਨੂੰ ਕਿਸੇ ਛਾਂ ਵਾਲੇ ਪਾਸੇ ਕਰਨ ਜਾਂ ਫਿਰ ਸਕੂਲ ਅੰਦਰ ਕਰਨ ਨੂੰ ਕਿਹਾ ਗਿਆ ਹੈ | ਸਕੂਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਖੁੱਲ੍ਹੀ ਥਾਂ 'ਤੇ ਹੋਣ ਵਾਲੀਆਂ ਗਤੀਵਿਧੀਆਂ 'ਤੇ ਰੋਕ ਲਗਾਈ ਜਾਵੇ | ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਵੀ ਉਪਰੋਕਤ ਗੱਲਾਂ ਵੱਲ ਧਿਆਨ ਰੱਖਣ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਸਕੂਲ ਦੇ ਬੱਚਿਆਂ ਨੂੰ ਠੰਢਾ ਪਾਣੀ ਪੀਣ ਲਈ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਬੱਚਿਆਂ ਨੂੰ ਪੀਣ ਲਈ ਪਾਣੀ ਦੀ ਬੋਤਲ ਆਪਣੇ ਘਰ ਤੋਂ ਜ਼ਰੂਰ ਲਿਆਉਣੀ ਹੋਵੇਗੀ |