ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਗੁਰਦੁਆਰਾ ਸ੍ਰੀ ਨਗਰ, ਦਿੱਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਨੇ ਇਸ ਸਮਾਗਮ ਪ੍ਰਤੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ | ਇਸ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਹੋਰਨਾਂ ਕਾਫੀ ਗਿਣਤੀ ਵਿਚ ਸੰਗਤ ਕੀਰਤਨ ਦਾ ਆਨੰਦ ਮਾਨਣ ਲਈ ਉਚੇਚੇ ਤੌਰ 'ਤੇ ਪੁੱਜੀ | ਭਾਈ ਸਰਬਜੀਤ ਸਿੰਘ ਦੇ ਨਾਲ ਭਾਈ ਅਮਨਦੀਪ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਨੇ ਵੀ ਆਪਣੀ ਹਾਜ਼ਰੀ ਲਗਵਾਈ | ਗੁਰਦੁਆਰੇ ਵਿਚ ਸੰਗਤ ਇੰਨੀ ਜ਼ਿਆਦਾ ਹੋ ਗਈ ਸੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ | ਇਸ ਗੁਰਦੁਆਰੇ ਦੇ ਪ੍ਰਧਾਨ ਹੀਰਾ ਸਿੰਘ ਪੰਜਵੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰੇ ਦੀ ਸੇਵਾ ਕਮੇਟੀ ਵਲੋਂ ਸਮੇਂ-ਸਮੇਂ 'ਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਕਾਫੀ ਸੰਗਤ ਆਉਂਦੀ ਹੈ | ਗੁਰਦੁਆਰਾ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਸੰਘਾ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਦੇ ਹੁਕਮ ਨਾਲ ਇੱਥੇ ਅਕਸਰ ਅਜਿਹੇ ਪ੍ਰੋਗਰਾਮ ਹੋ ਰਹੇ ਹਨ | ਸੰਗਤ ਵਲੋਂ ਚਾਵਲਾ ਪਰਿਵਾਰ ਅਤੇ ਹੋਰਨਾਂ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ | ਦਿੱਲੀ ਦੇ ਸ਼ਿਵ ਨਗਰ ਤੋਂ ਆਏ ਬਲਜੀਤ ਸਿੰਘ ਸੇਠੀ (ਸਮਾਜ ਸੇਵੀ) ਨੇ ਦੱਸਿਆ ਕਿ ਉਹ ਵਿਸ਼ੇਸ਼ ਕਰਕੇ ਹਰ ਕੀਰਤਨ ਦਰਬਾਰ ਵਿਚ ਪੁੱਜ ਕੇ ਕੀਰਤਨ ਦਾ ਆਨੰਦ ਮਾਣਦੇ ਹਨ ਅਤੇ ਉਹ ਭਾਈ ਸਰਬਜੀਤ ਸਿੰਘ ਦਾ ਕੀਰਤਨ ਸੁਣਨ ਲਈ ਦੂਰ-ਦੁਰਾਡੇ ਵੀ ਜਾਂਦੇ ਹਨ |