ਟੋਹਾਣਾ, 26 ਅਪ੍ਰੈਲ (ਮਨਜੀਤ ਸਿੰਘ) - ਇੱਥੇ ਇੱਕ ਵਿਅਕਤੀ ਵੱਲੋਂ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ ਸੜਕ 'ਤੇ ਮਿਲਿਆ 3 ਲੱਖ ਰੁਪਏ ਦਾ ਚੈੱਕ ਪੁਲਿਸ ਹਵਾਲੇ ਕੀਤਾ ਗਿਆ | ਜਾਣਕਾਰੀ ਅਨੁਸਾਰ ਸ਼ਮਸ਼ੇਰ ਸ਼ਰਮਾ ਨਾਮਕ ਵਿਅਕਤੀ ਨੂੰ ਟੋਹਾਣਾ-ਰਤੀਆ ਰੋਡ 'ਤੇ ਇੱਕ ਸੈੱਲਫ਼ ਚੈੱਕ ਮਿਲਿਆ, ਜਿਸ 'ਤੇ 3 ਲੱਖ ਰੁਪਏ ਦੀ ਰਕਮ ਦਰਜ ਸੀ | ਉਸ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਇਹ ਚੈੱਕ ਕਿਸੇ ਜ਼ਰੂਰਤਮੰਦ ਵਿਅਕਤੀ ਦਾ ਹੋ ਸਕਦਾ ਹੈ | ਉਸ ਨੇ ਇਮਾਨਦਾਰੀ ਦਿਖਾਉਂਦੇ ਹੋਏ ਚੈੱਕ ਨੂੰ ਅਸਲ ਮਾਲਕ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ | ਸ਼ਮਸ਼ੇਰ ਸ਼ਰਮਾ ਚੈੱਕ ਲੈ ਕੇ ਡੀ.ਐਸ.ਪੀ. ਟੋਹਾਣਾ ਜੈ ਭਗਵਾਨ ਦੇ ਕੋਲ ਪਹੁੰਚਿਆ ਅਤੇ ਸਾਰੀ ਜਾਣਕਾਰੀ ਦਿੱਤੀ | ਡੀ ਐਸ.ਪੀ. ਜੈ ਭਗਵਾਨ ਨੇ ਭਰੋਸਾ ਦਿਵਾਇਆ ਕਿ ਜਿਸ ਵਿਅਕਤੀ ਦਾ ਇਹ ਚੈੱਕ ਹੈ, ਉਹ ਪੁਲਿਸ ਥਾਣਾ ਸਦਰ ਟੋਹਾਣਾ ਤੋਂ ਆਪਣਾ ਚੈੱਕ ਪ੍ਰਾਪਤ ਕਰ ਸਕਦਾ ਹੈ | ਡੀ.ਐਸ.ਪੀ. ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਕੋਈ ਨਗਦ ਰਕਮ ਜਾਂ ਕੀਮਤੀ ਸਮਾਨ ਮਿਲਦਾ ਹੈ ਤਾਂ ਉਹ ਆਪਣੇ ਨਜ਼ਦੀਕੀ ਪੁਲਿਸ ਥਾਣੇ 'ਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਉਹ ਸਹੀ ਮਾਲਕ ਤੱਕ ਪਹੁੰਚ ਸਕੇ | ਇਸ ਸੰਬੰਧੀ ਸ਼ਮਸ਼ੇਰ ਸ਼ਰਮਾ ਨੇ ਦੱਸਿਆ ਕਿ ਉਹ ਟੋਹਾਣਾ-ਰਤੀਆ ਰੋਡ 'ਤੇ ਸਕਰੈਪ ਦਾ ਕੰਮ ਕਰਦਾ ਹੈ ਅਤੇ ਸ਼ਾਮ ਸਮੇਂ ਘਰ ਜਾਂਦੇ ਹੋਏ ਉਸ ਨੂੰ ਇਹ ਚੈੱਕ ਮਿਲਿਆ ਸੀ, ਜਿਸ ਨੂੰ ਉਸ ਨੇ ਬਿਨਾ ਦੇਰ ਕੀਤੇ ਪੁਲਿਸ ਦੇ ਹਵਾਲੇ ਕਰ ਦਿੱਤਾ | ਇਹ ਘਟਨਾ ਨਾ ਸਿਰਫ਼ ਇਮਾਨਦਾਰੀ ਦੀ ਪੇ੍ਰਰਨਾ ਦਿੰਦੀ ਹੈ, ਸਗੋਂ ਸਮਾਜ ਵਿੱਚ ਭਰੋਸੇ ਨੂੰ ਵੀ ਮਜ਼ਬੂਤ ਕਰਦੀ ਹੈ |