ਕਰਨਾਲ, 27 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਹਰ ਸਿੱਖ ਪਰਿਵਾਰ ਨੂੰ ਆਪਣੇ ਬੱਚਿਆਂ ਦੇ ਨਾਂਅ ਨਾਲ ਸਿੰਘ ਤੇ ਕੌਰ ਜੋੜਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਸਿਖਾਉਣੀ ਚਾਹੀਦੀ ਹੈ | ਇਹ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਕਰਨਾਲ ਤੋਂ ਸਮੂਹ ਸਿੱਖ ਭਾਈਚਾਰੇ ਨੂੰ ਦਿੱਤਾ | ਬਾਬਾ ਸੁੱਖਾ ਸਿੰਘ ਡੇਰਾ ਕਾਰ ਸੇਵਾ ਕਰਨਾਲ ਦੀ ਦੇਖ ਰੇਖ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਨੇ ਇਸ ਸਮੇਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਸਿੱਖ ਭਾਈਚਾਰੇ ਨੂੰ ਏਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਹੋਣ ਤੋਂ ਬਾਅਦ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਝਗੜਿਆਂ ਕਾਰਨ ਗੁਰਦੁਆਰਾ ਸਾਹਿਬਾਨਾਂ 'ਚ ਸਰਕਾਰੀ ਦਖਲਅੰਦਾਜ਼ੀ ਹੋ ਰਹੀ ਹੈ ਅਤੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਇਹ ਕਹਿਣ ਲਈ ਮਜ਼ਬੂਰ ਹਨ ਕਿ ਉਨ੍ਹਾਂ ਕੋਲ ਲੰਗਰ ਲਈ ਪੈਸੇ ਵੀ ਨਹੀਂ ਹਨ | ਇਹ ਅੰਦਰੂਨੀ ਕਲੇਸ਼ਾਂ ਅਤੇ ਸਿੱਖ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਨ 'ਚ ਸਰਕਾਰੀ ਦਖਲਅੰਦਾਜ਼ੀ ਕਾਰਨ ਹੋ ਰਿਹਾ ਹੈ | ਉਨ੍ਹਾਂ ਨੇ ਹਰੇਕ ਸਿੱਖ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਨਿਵਾਸੀ ਐਲਾਨਿਆ ਅਤੇ ਆਪਸੀ ਏਕਤਾ 'ਤੇ ਜ਼ੋਰ ਦਿੱਤਾ | ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਜਿਥੇ ਬਹੁਗਿਣਤੀ ਭਾਈਚਾਰੇ ਚਾਰ ਬੱਚੇ ਪੈਦਾ ਕਰਨ ਦੀ ਗੱਲ ਕਰ ਰਹੇ ਹਨ, ਉਥੇ 2 ਕਰੋੜ ਦੀ ਆਬਾਦੀ ਵਾਲਾ ਸਿੱਖ ਭਾਈਚਾਰਾ ਇਕ-ਇਕ ਬੱਚਾ ਪੈਦਾ ਕਰ ਰਿਹਾ ਹੈ | ਉਨ੍ਹਾਂ ਨੇ ਬੱਚਿਆਂ ਦੇ ਸਮੇਂ ਸਿਰ ਵਿਆਹ ਕਰਨ ਅਤੇ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਿਹਾ ਹੈ | ਅੱਜ ਦੇ ਗੁਰਮਤਿ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਤੰਤੀ ਸਾਜ਼ 'ਤੇ ਕੀਰਤਨ ਕਰਨ ਵਾਲੇ ਭਾਈ ਬਿੰਦਰ ਸਿੰਘ, ਪ੍ਰਸਿੱਧ ਕਥਾਵਾਚਕ ਗਿਆਨੀ ਪਰਮਜੀਤ ਸਿੰਘ ਖਾਲਸਾ ਆਨੰਦਪੁਰ ਸਾਹਿਬ ਵਾਲੇ ਅਤੇ ਗੁਰਦੁਆਰਾ ਮੰਜੀ ਸਾਹਿਬ ਪਾਠਸ਼ਾਲਾ ਪਹਾਲੀ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਨੇ ਸੰਗਤ ਨੂੰ ਗੁਰਬਾਣੀ ਕੀਰਤਨ, ਗੁਰਸ਼ਬਦ ਵਿਚਾਰਾਂ ਅਤੇ ਇਤਿਹਾਸ ਨਾਲ ਨਿਹਾਲ ਕੀਤਾ | ਇਸ ਦੌਰਾਨ ਸੰਗਤ ਲਈ ਗੁਰੂ ਦੇ ਲੰਗਰ ਅਤੇ ਠੰਡੇ ਪਾਣੀ ਦੇ ਸਟਾਲ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ |