ਯਮੁਨਾਨਗਰ, 4 ਮਈ (ਗੁਰਦਿਆਲ ਸਿੰਘ ਨਿਮਰ)-ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵਲੋਂ ਇਕ ਮੁਲਜ਼ਮ ਨੂੰ 6 ਲੱਖ ਰੁ. ਕੀਮਤ ਦੀ 126 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈੱਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਗੁਪਤ ਸੂਚਨਾ ਮਿਲੀ ਕਿ ਇਕ ਨੌਜਵਾਨ ਗਾਦੀ ਰੋਡ ਹਮੀਦਾ ਨੇੜੇ ਇਕ ਖਾਲੀ ਪਲਾਟ 'ਚ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਹੈ | ਇਸ ਸੂਚਨਾ ਦੇ ਅਧਾਰ 'ਤੇ ਐਂਟੀ ਨਾਰਕੋਟਿਕਸ ਸੈੱਲ ਦੀ ਇਕ ਟੀਮ ਨੇ ਮੌਕੇ 'ਤੇ ਜਾ ਕੇ ਉਥੇ ਘੁੰਮ ਰਹੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਸਢੌਰਾ ਕੁਲਦੀਪ ਸਿੰਘ ਨੂੰ ਮੌਕੇ 'ਤੇ ਬੁਲਾ ਕੇ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 126 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਦੀ ਪਛਾਣ ਸਮੀਰ ਪੁੱਤਰ ਗੁਲਜ਼ਾਰ ਵਾਸੀ ਪੁਰਾਣਾ ਹਮੀਦਾ ਵਜੋਂ ਹੋਈ ਹੈ | ਮੁਲਜ਼ਮ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ | ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮਾ ਤੋਂ ਪੁੱਛਗਿੱਛ ਜਾਰੀ ਹੈ ਕਿ ਉਹ ਕਿਥੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ |