ਟੋਹਾਣਾ, 4 ਮਈ (ਮਨਜੀਤ ਸਿੰਘ)- ਸੀ.ਆਈ.ਏ. ਟੋਹਾਣਾ ਪੁਲਿਸ ਨੇ ਆਨਲਾਈਨ ਕਿ੍ਕਟ ਸੱਟੇਬਾਜ਼ੀ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਨੂੰ ਸਫਲਤਾਪੂਰਵਕ ਗਿ੍ਫ਼ਤਾਰ ਕੀਤਾ ਹੈ | ਪਹਿਲਾਂ ਇਸੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਇਹ ਕਾਰਵਾਈ ਪੂਰੀ ਜਾਂਚ ਤੋਂ ਬਾਅਦ ਕੀਤੀ ਗਈ ਸੀ | ਸੀ.ਆਈ.ਏ. ਟੋਹਾਣਾ ਦੇ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਟੋਹਾਣਾ ਦੇ ਮਿਲਨ ਚੌਕ ਸਥਿਤ ਪਿੰਕ ਸਟੋਨ ਹੋਟਲ ਦੇ ਇਕ ਕਮਰੇ ਵਿਚ ਛਾਪਾ ਮਾਰਿਆ ਅਤੇ ਆਨਲਾਈਨ ਕਿ੍ਕਟ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ | ਮੌਕੇ 'ਤੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਕਈ ਮੋਬਾਈਲ ਫ਼ੋਨ, ਰਜਿਸਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਵਰਤੋਂ ਕਿ੍ਕਟ ਮੈਚਾਂ 'ਤੇ ਆਨਲਾਈਨ ਸੱਟੇਬਾਜ਼ੀ ਕਰਨ ਲਈ ਕੀਤੀ ਜਾਂਦੀ ਸੀ | ਪੁੱਛਗਿੱਛ ਦੌਰਾਨ ਮਾਮਲੇ ਵਿਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਅਤੇ ਇਸ ਦੇ ਆਧਾਰ 'ਤੇ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਵੀ ਗਿ੍ਫ਼ਤਾਰ ਕੀਤਾ | ਮੁਲਜ਼ਮ ਦੀ ਪਛਾਣ ਸੁਨੀਲ ਉਰਫ਼ ਸੋਨੂੰ ਪੁੱਤਰ ਸੁਭਾਸ਼ ਚੰਦਰ, ਵਾਸੀ ਸਪਰਾ ਮੁਹੱਲਾ, ਵਾਰਡ ਨੰਬਰ 10, ਟੋਹਾਣਾ ਵਜੋਂ ਹੋਈ | ਪੁਲਿਸ ਨੇ ਇਸ ਸਬੰਧ ਵਿਚ ਐਫ.ਆਈ.ਆਰ. ਨੰਬਰ 109 ਮਿਤੀ 18.04.2026 ਨੂੰ ਹਰਿਆਣਾ ਜਨਤਕ ਜੂਆ ਰੋਕਥਾਮ ਐਕਟ, 2025 ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਵਿਚ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ |