ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਦੇ ਬਕਾਏ ਦੀ ਅਦਾਇਗੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਮੁਖੀ ਪਰਮਜੀਤ ਸਿੰਘ ਸਰਨਾ 'ਤੇ ਨਿਸ਼ਾਨਾ ਸਾਧਿਆ ਹੈ ¢ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਅਦਾਲਤ ਵਲੋਂ ਜਾਰੀ ਕੀਤੇ ਬੇਹੱਦ ਵੱਡੇ ਅਤੇ ਰਾਹਤ ਵਾਲੇ ਹੁਕਮਾਂ ਤੋਂ ਬਾਅਦ ਸਰਨਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਸਰਨਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਵੇਖਣਾ ਚਾਹੀਦਾ ਹੈ ਕਿਉਂਕਿ ਸਕੂਲਾਂ ਦੇ ਸਟਾਫ਼ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਲਈ ਮੁੱਖ ਤੌਰ 'ਤੇ ਸਰਨਾ ਹੀ ਕਸੂਰਵਾਰ ਹੈ, ਕਿਉਂਕਿ ਇਸ ਸਭ ਦੀ ਸ਼ੁਰੂਆਤ ਸਰਨਾ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਈ ਸੀ ਜਿਸ ਦਾ ਖ਼ਾਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਸਰਨਾ ਹਾਲੇ ਵੀ ਇਹੀ ਚਾਹੁੰਦੇ ਹਨ ਕਿ ਇਨ੍ਹਾਂ ਸਕੂਲਾਂ ਦੀ ਹਾਲਤ 'ਚ ਸੁਧਾਰ ਨਾ ਹੋਵੇ ਅਤੇ ਸਕੂਲਾਂ ਦੀ ਹਾਲਤ ਉਸੇ ਤਰੀਕੇ ਬਣੀ ਰਹੇ ਜਿਵੇਂ ਉਹ 2013 ਵਿਚ ਛੱਡ ਕੇ ਗਏ ਸੀ ¢ ਕਾਲਕਾ ਤੇ ਕਾਹਲੋਂ ਨੇ ਦਾਅਵਾ ਕੀਤਾ ਕਿ ਮੌਜੂਦਾ ਟੀਮ ਨੇ ਸਕੂਲਾਂ ਦੇ ਪਿਛਲੇ ਬਕਾਏ ਦੇ 200 ਕਰੋੜ ਰੁਪਏ ਜਾਰੀ ਕੀਤੇ ਹਨ ¢ ਉਨ੍ਹਾਂ ਕਿਹਾ ਕਿ ਮੌਜੂਦਾ ਟੀਮ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦਾ ਮਿਆਰ ਉੱਚਾ ਚੁੱਕਣ, ਵਿਦਿਆਰਥੀਆਂ ਦੀ ਗਿਣਤੀ ਵਧਾਉਣ, ਸਟਾਫ਼ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦੇਣ ਤੇ ਹਰ ਮਹੀਨੇ ਸਮੇਂ ਸਿਰ ਤਨਖ਼ਾਹ ਦੇਣ ਵਾਸਤੇ ਪੂਰੀ ਤਰ੍ਹਾਂ ਦਿ੍ੜ੍ਹ ਸੰਕਲਪ ਹੈ ¢