ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਪੁਲਿਸ ਸਟਾਫ਼ ਵਲੋਂ ਅੰਤਰ-ਰਾਜ਼ੀ ਨਸ਼ੀਲੇ ਪਦਾਰਥਾਂ ਦੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਵਿਚ ਸ਼ਾਮਿਲ ਚਾਰ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ 480.4 ਗ੍ਰਾਮ ਉੱਚ ਗੁਣਵੱਤਾ ਵਾਲੀ ਮਲਾਨਾ ਚਰਸ ਬਰਾਮਦ ਕੀਤੀ ਹੈ | ਇਸ ਨਾਲ ਹੀ ਪੁਲਿਸ ਨੇ ਤਸਕਰੀ ਪ੍ਰਤੀ ਵਰਤੇ ਗਏ 7 ਮੋਬਾਈਲ ਫ਼ੋਨ ਵੀ ਫੜੇ ਹਨ | ਪੁਲਿਸ ਨੂੰ ਇਹ ਵੀ ਪਤਾ ਲੱਗਾ ਸੀ ਕਿ ਦਿੱਲੀ ਤੇ ਐਨ. ਸੀ. ਆਰ. ਵਿਚ ਹਿਮਾਚਲ ਪ੍ਰਦੇਸ਼ ਤੋਂ ਇਹ ਚਰਸ ਸਪਲਾਈ ਹੁੰਦੀ ਸੀ | ਇਸ ਮਾਮਲੇ ਪ੍ਰਤੀ ਪੁਲਿਸ ਟੀਮ ਨੇ ਗਾਜੀਪੁਰ ਵਿਖੇ ਗਸ਼ਤ ਕਰਦੇ ਸਮੇਂ ਦੋਂ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਘੁੰਮਦੇ ਵੇਖਿਆ, ਜੋ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ | ਪੁਲਿਸ ਨੇ ਉਨ੍ਹਾਂ ਨੂੰ ਫੜ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 115 ਗ੍ਰਾਮ ਮਲਾਨਾ ਚਰਸ ਫੜੀ ਅਤੇ ਇਨ੍ਹਾਂ ਦੀ ਪਹਿਚਾਣ ਸ਼ੁਭਮ ਜੈਨ ਅਤੇ ਰਾਹੁਲ ਕੁਮਾਰ ਵਜੋਂ ਕੀਤੀ ਗਈ | ਪੁਲਿਸ ਨੇ ਹੋਰ ਜਾਣਕਾਰੀ ਲੈਣ ਲਈ ਤਕਨੀਕੀ ਨਿਗਰਾਨੀ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਵੀ ਇਕੱਠੀ ਕੀਤੀ ਅਤੇ ਇਹ ਹੋਰ ਤਸਕਰ ਵਿਸ਼ਾਲ ਭਾਰਦਵਾਜ ਨੂੰ ਫੜਿਆ ਅਤੇ ਉਸ ਕੋਲੋਂ 101.4 ਗ੍ਰਾਮ ਮਲਾਨਾ ਚਰਸ ਬਰਾਮਦ ਕੀਤੀ | ਜਦੋਂ ਪੁਲਿਸ ਨੇ ਉਸ ਦੇ ਅਹਾਤੇ ਦੀ ਤਲਾਸ਼ੀ ਲਈ ਤਾਂ ਉਥੋਂ 264 ਗ੍ਰਾਮ ਮਲਾਨਾ ਚਰਸ ਬਰਾਮਦ ਕੀਤੀ | ਪੁਲਿਸ ਨੇ ਇਨ੍ਹਾਂ ਦੇ ਇਕ ਸਾਥੀ ਹਰਦੀਪ ਨੂੰ ਵੀ ਕਾਬੂ ਕੀਤਾ, ਜੋ ਕੋਰੀਅਰ ਦਾ ਕੰਮ ਕਰਦਾ ਸੀ | ਪੁਲਿਸ ਇਨ੍ਹਾਂ ਤੋਂ ਹੋਰ ਜਾਣਕਾਰੀ ਹਾਸਿਲ ਕਰਨ 'ਚ ਜੁਟੀ ਹੋਈ ਹੈ |