ਟੋਹਾਣਾ, 10 ਮਈ (ਮਨਜੀਤ ਸਿੰਘ) - ਹਰਿਆਣਾ ਸਰਕਾਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੁਆਰਾ ਜਾਰੀ ਕੀਤੇ ਬੱਸ ਪਾਸ ਪ੍ਰਾਈਵੇਟ ਬੱਸਾਂ 'ਚ ਵੀ ਚੱਲਣਗੇ, ਪਰ ਦੂਜੇ ਪਾਸੇ ਪ੍ਰਾਈਵੇਟ ਬੱਸ ਆਪਰੇਟਰ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ | ਇਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀ ਭਾਰੀ ਉਲਝਣ ਅਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਵੱਲੋਂ ਪਾਸ ਸਹੂਲਤ ਦੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਪ੍ਰਾਈਵੇਟ ਬੱਸਾਂ ਵਾਲੇ ਉਨ੍ਹਾਂ ਨੂੰ ਬੱਸ ਵਿੱਚ ਚੜ੍ਹਾਉਣ ਤੋਂ ਹੀ ਮਨਾ ਕਰ ਦਿੰਦੇ ਹਨ | ਕਈ ਵਾਰ ਇਸ ਗੱਲ ਨੂੰ ਲੈ ਕੇ ਵਿਦਿਆਰਥੀਆਂ ਅਤੇ ਬੱਸ ਕਰਮਚਾਰੀਆਂ ਵਿਚਕਾਰ ਤਕਰਾਰ ਅਤੇ ਝਗੜੇ ਦੀ ਸਥਿਤੀ ਵੀ ਬਣ ਜਾਂਦੀ ਹੈ | ਪ੍ਰਾਈਵੇਟ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਸਹਾਇਤਾ ਜਾਂ ਫ਼ੰਡ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਉਹ ਮੁਫ਼ਤ ਜਾਂ ਰਿਆਇਤੀ ਪਾਸ ਵਾਲੇ ਵਿਦਿਆਰਥੀਆਂ ਨੂੰ ਸਫ਼ਰ ਨਹੀਂ ਕਰਵਾ ਸਕਣ | ਉਨ੍ਹਾਂ (ਪ੍ਰਾਈਵੇਟ ਬੱਸ ਅਪਰੇਟਰ) ਦਾ ਇਹ ਵੀ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਲਿਖਤੀ ਹੁਕਮ ਜਾਂ ਸਰਕਾਰੀ ਪੱਤਰ ਵੀ ਪ੍ਰਾਪਤ ਨਹੀਂ ਹੋਇਆ | ਦੂਜੇ ਪਾਸੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਬਿਆਨ ਜਾਰੀ ਕੀਤੇ ਜਾ ਰਹੇ ਹਨ ਕਿ ਪ੍ਰਾਈਵੇਟ ਬੱਸਾਂ ਵਿੱਚ ਵੀ ਸਰਕਾਰੀ ਬੱਸ ਪਾਸ ਚੱਲਣ ਨੂੰ ਮਾਨਤਾ ਦਿੱਤੀ ਗਈ ਹੈ | ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ | ਇਸ ਮਾਮਲੇ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਸਰਕਾਰ ਨੇ ਸੱਚਮੁੱਚ ਪ੍ਰਾਈਵੇਟ ਬੱਸਾਂ ਵਿੱਚ ਸਰਕਾਰੀ ਬੱਸ ਪਾਸ ਚੱਲਣ ਦੀ ਸਹੂਲਤ ਲਾਗੂ ਕੀਤੀ ਹੈ ਤਾਂ ਪ੍ਰਾਈਵੇਟ ਬੱਸ ਆਪੇ੍ਰਟਰਾਂ ਨੂੰ ਸਪਸ਼ਟ ਹਦਾਇਤਾਂ ਅਤੇ ਲਿਖਤੀ ਆਦੇਸ਼ ਕਿਉਂ ਨਹੀਂ ਜਾਰੀ ਕੀਤੇ ਜਾ ਰਹੇ | ਵਿਦਿਆਰਥੀਆਂ ਅਤੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ 'ਤੇ ਜਲਦ ਸਪਸ਼ਟ ਨੀਤੀ ਬਣਾ ਕੇ ਸਥਿਤੀ ਸਾਫ਼ ਕੀਤੀ ਜਾਵੇ ਸਰਕਾਰੀ ਤਾਂ ਜੋ ਵਿਦਿਆਰਥੀਆਂ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਨਿੱਤ ਦਿਹਾੜੇ ਹੋ ਰਹੀ ਲੜਾਈ ਕਾਰਨ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ |