ਗੂਹਲਾ ਚੀਕਾ , 12 ਮਈ (ਓ.ਪੀ. ਸੈਣੀ)-ਪਿੰਡ ਪੋਲਡ ਦੀ ਨਵ-ਨਿਯੁਕਤ ਸਰਪੰਚ ਅੰਜਲੀ ਰਾਣੀ ਦਾ ਜਿੰਦਲ ਹਾਊਸ, ਕੈਥਲ ਵਿਖੇ ਸਨਮਾਨ ਕੀਤਾ ਗਿਆ | ਅੰਜਲੀ ਰਾਣੀ ਆਪਣੇ ਪਿੰਡ ਦੇ ਪਤਵੰਤਿਆਂ ਦੇ ਨਾਲ, ਸੰਸਦ ਮੈਂਬਰ ਨਵੀਨ ਜਿੰਦਲ ਦਾ ਮਹਿਲਾ ਸਸਕਤੀਕਰਨ ਵੱਲ ਕੀਤੇ ਗਏ ਕੰਮਾਂ ਲਈ ਧੰਨਵਾਦ ਕਰਨ ਲਈ ਜਿੰਦਲ ਹਾਊਸ ਪਹੁੰਚੀ ਸੀ | ਇਸ ਮੌਕੇ 'ਤੇ ਕੈਥਲ ਦਫ਼ਤਰ ਦੇ ਇੰਚਾਰਜ ਰਵਿੰਦਰ ਧੀਮਾਨ ਨੇ ਸੰਸਦ ਮੈਂਬਰ ਨਵੀਨ ਜਿੰਦਲ ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਲੱਡੂ ਭੇਟ ਕੀਤੇ | ਕੈਥਲ ਦਫ਼ਤਰ ਦੇ ਇੰਚਾਰਜ ਰਵਿੰਦਰ ਧੀਮਾਨ ਨੇ ਪਿੰਡ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਸਿੱਖਿਆ, ਖੇਡਾਂ, ਯੁਵਾ ਹੁਨਰ ਵਿਕਾਸ, ਮਹਿਲਾ ਸਸਕਤੀਕਰਨ ਅਤੇ ਪੇਂਡੂ ਵਿਕਾਸ ਲਈ ਕਈ ਭਲਾਈ ਯੋਜਨਾਵਾਂ ਲਾਗੂ ਕਰ ਰਹੇ ਹਨ | ਉਨ੍ਹਾਂ ਨਵ-ਨਿਯੁਕਤ ਸਰਪੰਚ ਅੰਜਲੀ ਰਾਣੀ ਦਾ ਮਾਰਗਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਹ ਲੋਕ ਭਲਾਈ ਯੋਜਨਾਵਾਂ ਪਿੰਡ ਦੇ ਹਰ ਲੋੜਵੰਦ ਵਿਅਕਤੀ ਤੱਕ ਪਹੁੰਚਣ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਮਿਲੇ | ਉਨ੍ਹਾਂ ਕਿਹਾ ਕਿ ਨੌਜਵਾਨ ਲੀਡਰਸ਼ਿਪ ਪਿੰਡ ਦੇ ਵਿਕਾਸ ਲਈ ਇਕ ਨਵੀਂ ਦਿਸ਼ਾ ਤੈਅ ਕਰ ਸਕਦੀ ਹੈ, ਅਤੇ ਪੋਲਡ ਪਿੰਡ ਦੇ ਲੋਕਾਂ ਨੇ ਸਿਰਫ 22 ਸਾਲ ਦੀ ਉਮਰ ਵਿਚ ਅੰਜਲੀ ਰਾਣੀ ਨੂੰ ਸਰਪੰਚ ਚੁਣ ਕੇ ਯੁਵਾ ਸ਼ਕਤੀ ਵਿਚ ਆਪਣੇ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ ਹੈ | ਇਹ ਪੂਰੇ ਖੇਤਰ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਹੈ | ਇਸ ਮੌਕੇ 'ਤੇ ਨਵ-ਨਿਯੁਕਤ ਸਰਪੰਚ ਅੰਜਲੀ ਨੇ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦ ਕਰਦੇ ਹੋਏ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਸੰਸਦ ਮੈਂਬਰ ਨਵੀਨ ਜਿੰਦਲ ਪੋਲਡ ਪਿੰਡ ਦੇ ਵਿਕਾਸ ਕਾਰਜਾਂ ਦਾ ਸਮਰਥਨ ਕਰਦੇ ਰਹਿਣਗੇ ਅਤੇ ਪਿੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲਿਜਾਉਣ ਵਿਚ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਗੇ | ਇਸ ਮੌਕੇ ਰਮੇਸ਼ ਕੁਮਾਰ, ਸਰਵਣ ਕੁਮਾਰ ਸਾਬਕਾ ਸਰਪੰਚ, ਚਮਕੀਲਾ ਹੰਸ, ਨੰਦ ਲਾਲ ਪੰਚ, ਸੁਨੀਲ ਕੁਮਾਰ ਗੁਹਲਾ ਹਲਕਾ ਇੰਚਾਰਜ ਕਰਮਵੀਰ ਸਿਸੋਦੀਆ, ਹਲਕਾ ਇੰਚਾਰਜ ਵੀਰੇਂਦਰ ਸਰਨ, ਹਲਕਾ ਪੁੰਡਰੀ ਅਰਵਿੰਦ ਗੋਲਨ ਅਤੇ ਪਿੰਡ ਵਾਸੀ ਮੌਜੂਦ ਸਨ |