ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਇਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾ ਰਹੀ ਹੈ ਅਤੇ ਗਲਤ ਸਾਈਡ 'ਤੇ ਗੱਡੀ ਚਲਾਉਣ ਵਾਲਿਆਂ 'ਤੇ ਕਾਰਵਾਈ ਕਰ ਰਹੀ ਹੈ | ਦਿੱਲੀ ਟ੍ਰੈਫ਼ਿਕ ਪੁਲਿਸ ਨੇ ਇਕ ਹਫ਼ਤੇ ਵਿਚ 7 ਹਜ਼ਾਰ ਤੋਂ ਵੱਧ ਗੱਡੀਆਂ ਦੇ ਚਲਾਨ ਕੀਤੇ ਹਨ | ਮੋਟਰ ਵਾਹਨ ਐਕਟ ਦੇ ਅਨੁਸਾਰ ਗਲਤ ਪਾਸੇ ਗੱਡੀ ਚਲਾਉਣਾ ਇਕ ਅਪਰਾਧ ਮੰਨਿਆ ਜਾਂਦਾ ਹੈ, ਜਿਸ ਦੀ ਪਹਿਲੀ ਵਾਰ ਉਲੰਘਣਾ ਕਰਨ 'ਤੇ 500 ਰੁਪਏ ਅਤੇ ਫਿਰ ਉਲੰਘਣਾ ਕਰਨ ਵਾਲਿਆਂ ਤੋਂ 1500 ਰੁਪਏ ਜੁਰਮਾਨਾ ਵਸੂਲਿਆ ਜਾਂਦਾ ਹੈ | ਪੁਲਿਸ ਵਲੋਂ ਉਪਰੋਕਤ ਮੁਹਿੰਮ ਦਸੰਬਰ 2025 ਤੋਂ ਸ਼ੁਰੂ ਕੀਤੀ ਹੋਈ ਹੈ | ਸੜਕ ਦੇ ਗਲਤ ਪਾਸੇ ਗੱਡੀ ਚਲਾਉਣਾ ਘਾਤਕ ਹਾਦਸਿਆਂ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ ਮੰਨਿਆਂ ਜਾਂਦਾ ਹੈ | ਵਰਨਣਯੋਗ ਹੈ ਕਿ ਦਿੱਲੀ ਦੇ ਹਰ ਪਾਸੇ ਸੜਕਾਂ 'ਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਗਲਤ ਸਾਈਡ ਗੱਡੀਆਂ ਚਲਾਉਂਦੀ ਹੈ, ਜੋ ਕਿ ਦੁਰਘਟਨਾ ਦਾ ਕਾਰਨ ਬਣ ਜਾਂਦਾ ਹੈ | ਦਿੱਲੀ ਟ੍ਰੈਫਿਕ ਪੁਲਿਸ ਨੇ ਅਨੇਕਾਂ ਵਾਰ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਹਮੇਸ਼ਾ ਸਿੱਧੇ ਰਸਤੇ 'ਤੇ ਹੀ ਗੱਡੀ ਚਲਾਉਣ ਪ੍ਰੰਤੂ ਅਫ਼ਸੋਸ ਹੈ ਕਿ ਲੋਕਾਂ ਵਿਚ ਸੁਧਾਰ ਨਹੀਂ ਹੋ ਰਿਹਾ |