ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਦਿਨੋਂ ਦਿਨੀਂ ਵਧ ਰਹੀ ਮਹਿੰਗਾਈ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਸ ਦੇ ਨਾਲ ਹੀ ਹਰ ਚੀਜ਼ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਦਕਿ ਲੋਕਾਂ ਦੀ ਆਮਦਨ ਘਟੀ ਹੈ | ਹੁਣ ਇਸੇ ਮੌਕੇ 'ਤੇ ਦੁੱਧ ਦੀਆਂ ਕੰਪਨੀਆਂ ਅਮੁੱਲ ਅਤੇ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ | ਇਹ ਵਧੀ ਹੋਈ ਕੀਮਤ ਅੱਜ (14 ਮਈ) ਤੋਂ ਲਾਗੂ ਕੀਤੀ ਗਈ ਹੈ | ਇਨ੍ਹਾਂ ਦੋਵੇਂ ਕੰਪਨੀਆਂ ਨੇ 2 ਰੁਪਏ ਪ੍ਰਤੀ ਲੀਟਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ | ਅਮੁੱਲ ਨੇ ਗੋਲਡ ਅਤੇ ਗਾਂ ਦੇ ਦੁੱਧ ਸਮੇਤ ਪਾਊਚ ਵੈਰਿਅੰਟ ਦੀ ਕੀਮਤ ਵੀ ਵਧਾਈ ਹੈ | ਦਿੱਲੀ ਤੇ ਐਨ.ਸੀ.ਆਰ. ਵਿਚ ਅਮੁੱਲ ਗੋਲਡ ਦਾ ਅੱਧਾ ਲੀਟਰ ਦਾ ਪਾਊਚ 35 ਰੁਪਏ ਦੀ ਬਜਾਏ ਹੁਣ 36 ਰੁਪਏ ਦਾ ਹੋ ਗਿਆ ਹੈ | ਮਦਰ ਡੇਅਰੀ ਨੇ ਵੀ ਟੋਂਡ, ਫੁੱਲ ਕਰੀਮ ਤੇ ਗਾਂ ਦੇ ਦੁੱਧ ਦੀ ਕੀਮਤ ਵਿਚ 2 ਰੁਪਏ ਵਾਧਾ ਕੀਤਾ ਹੈ | ਹੁਣ ਫੁੱਲ ਕਰੀਮ ਦੁੱਧ 72 ਰੁਪਏ ਤੇ ਗਾਂ ਦਾ ਦੁੱਧ 62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ | ਦੁੱਧ ਦੀ ਕੀਮਤ ਵਧਣ ਨਾਲ ਲੋਕਾਂ ਦੇ ਰਸੋਈ ਦੇ ਬਜਟ 'ਤੇ ਹੋਰ ਜ਼ਿਆਦਾ ਫਰਕ ਪਵੇਗਾ |