ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਦੰਦਾਂ ਦੇ ਡਾਕਟਰ ਮਜ਼ਹਰ ਖਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਉੱਤਰ ਪ੍ਰਦੇਸ਼ ਤੋਂ ਬੀ.ਡੀ.ਐਸ. ਅਤੇ ਜੈਪੁਰ ਤੋਂ ਐਮ.ਡੀ.ਐਸ. ਦੀ ਡਿਗਰੀ ਲਈ ਹੋਈ ਹੈ | ਪਹਿਲਾਂ ਇਹ ਖੁਰੇਜੀ ਖੇਤਰ ਵਿਚ ਦੰਦਾਂ ਦਾ ਕਲੀਨਿਕ ਚਲਾਉਂਦਾ ਸੀ ਪਰੰਤੂ ਫਿਰ ਇਸ ਨੇ ਆਪਣਾ ਪ੍ਰਾਪਰਟੀ ਡੀਲਰ ਦਾ ਧੰਦਾ ਜਮਨਾ ਵਿਹਾਰ ਦਿੱਲੀ ਵਿਚ ਸ਼ੁਰੂ ਕਰ ਲਿਆ | ਇਸ ਨੇ ਆਪਣੇ ਵਿੱਦਿਅਕ ਪਿਛੋਕੜ ਦਾ ਲਾਭ ਉਠਾਉਂਦੇ ਹੋਏ ਕਈ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਉਨ੍ਹਾਂ ਦੇ ਨਾਲ ਠੱਗੀ ਮਾਰੀ | ਇਹ ਡਾਕਟਰ ਪਿਛਲੇ 7 ਮਹੀਨਿਆਂ ਤੋਂ ਭਗੌੜਾ ਸੀ | ਇਸ ਨੇ ਜਾਇਦਾਦ ਦੇ ਮਾਮਲੇ ਵਿਚ ਲੋਕਾਂ ਨੂੰ ਭਰੋਸੇ ਵਿਚ ਲੈ ਕੇ ਧੋਖਾ ਕੀਤਾ ਅਤੇ ਇਕੋ ਜਾਇਦਾਦ ਵੱਖ-ਵੱਖ ਲੋਕਾਂ ਨੂੰ ਵੇਚ ਕੇ ਇਕ ਕਰੋੜ ਦੀ ਠੱਗੀ ਮਾਰੀ | ਇਸ 'ਤੇ ਲੋਕ ਡਾਕਟਰ ਹੋਣ ਕਾਰਨ ਪੂਰਾ ਵਿਸ਼ਵਾਸ ਕਰਦੇ ਸਨ ਅਤੇ ਇਸ ਨੇ ਇਕੋ ਫਲੈਟ ਕਈਆਂ ਨੂੰ ਵੇਚਿਆ ਜਦਕਿ ਇਸ ਦੇ ਕਾਗਜ਼ ਬੈਂਕ ਦੇ ਕੋਲ ਗਿਰਵੀ ਰੱਖੇ ਹੋਏ ਸਨ | ਪੁਲਿਸ ਨੇ ਇਸ ਵਿਰੁੱਧ ਕੀਤੇ ਦਰਜ ਮਾਮਲੇ ਪ੍ਰਤੀ ਤਕਨੀਕੀ ਨਿਗਰਾਨੀ, ਪੁੱਛ-ਪੜਤਾਲ ਲੋਕਲ ਇੰਟੈਲੀਜੈਂਸੀ ਦੀ ਮਦਦ ਲਈ ਗਈ ਅਤੇ ਅਖੀਰ ਇਸ ਨੂੰ ਦੇਹਰਾਦੂਨ ਨੇੜੇ ਗਨੇਸ਼ਪੁਰ ਟੋਲ ਪਲਾਜ਼ਾ (ਉੱਤਰ ਪ੍ਰਦੇਸ਼) ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਇਸ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਨਾਲ ਹੀ ਨਾਲ ਇਸ ਕੋਲੋਂ ਇਕ ਕਾਰ ਵੀ ਬਰਾਮਦ ਹੋਈ ਹੈ |