ਫ਼ਤਿਹਾਬਾਦ, 16 ਮਈ (ਹਰਬੰਸ ਸਿੰਘ ਮੰਡੇਰ)- ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਐਪੈਕਸ ਕਾਨਵੈਂਟ ਸਕੂਲ, ਮਨੋਹਰ ਮੈਮੋਰੀਅਲ ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੇ ਨਾਲ ਹੀ ਪੋਸਟਰ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਡੇਂਗੂ ਦੀ ਰੋਕਥਾਮ ਦਾ ਸੁਨੇਹਾ ਫੈਲਾਉਣ ਲਈ ਜਾਗਰੂਕਤਾ ਰੈਲੀਆਂ ਵੀ ਕੱਢੀਆਂ | ਸਿਵਲ ਸਰਜਨ ਡਾ. ਬੁੱਧ ਰਾਮ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਕੂਲਰਾਂ, ਟੈਂਕੀਆਂ, ਫੁੱਲਾਂ ਦੇ ਗਮਲਿਆਂ, ਟਾਇਰਾਂ ਅਤੇ ਹੋਰ ਪਾਣੀ ਇਕੱਠਾ ਨਾ ਕਰਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਸਾਵਧਾਨੀਆਂ ਵਰਤੀਆਂ ਜਾਣ | ਉਨ੍ਹਾਂ ਦੱਸਿਆ ਕਿ ਉਨ੍ਹਾਂ ਉਕਤ ਬਿਮਾਰੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਡਿਪਟੀ ਸਿਵਲ ਸਰਜਨ ਡਾ. ਨੀਰਜ ਨੇ ਦੱਸਿਆ ਕਿ ਵਿਭਾਗੀ ਅੰਕੜਿਆਂ ਅਨੁਸਾਰ ਸਾਲ 2015 'ਚ 189 ਡੇਂਗੂ ਦੇ ਮਾਮਲੇ, 2016 ਵਿਚ 38, 2017 'ਚ 419, 2018 ਵਿਚ 56, 2019 'ਚ 29, 2020 ਵਿਚ 35, 2021 'ਚ 993, 2022 'ਚ 162, 2023 ਵਿਚ 90, 2024 'ਚ 129 ਅਤੇ 2025 'ਚ 13 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਸਨ ਜਦੋਂਕਿ 2026 'ਚ ਫਰਵਰੀ ਮਹੀਨੇ ਵਿੱਚ ਹੁਣ ਤੱਕ ਸਿਰਫ਼ ਇਕ ਕੇਸ ਸਾਹਮਣੇ ਆਇਆ ਹੈ |