ਨਾਰਾਇਣਗੜ੍ਹ, 16 ਮਈ (ਪੀ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮਹਾਰਾਣਾ ਪ੍ਰਤਾਪ ਦੇ ਜਨਮ ਦਿਵਸ ਮੌਕੇ 17 ਮਈ ਨੂੰ ਸ਼ਹਿਰਾਦਪੁਰ ਅਨਾਜ ਮੰਡੀ ਵਿਖੇ ਹੋਣ ਵਾਲੇ ਰਾਜ ਪੱਧਰੀ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਨਾਲ ਪ੍ਰੋਗਰਾਮ ਬਾਰੇ ਚਰਚਾ ਕੀਤੀ ਅਤੇ ਇਸ ਦੇ ਸਫਲ ਪ੍ਰਬੰਧਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਕੈਬਨਿਟ ਮੰਤਰੀ ਰਾਣਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਜਨਮ ਦਿਵਸ ਨੂੰ ਮਨਾਉਣ ਲਈ ਅੱਜ 17 ਮਈ ਨੂੰ ਸਵੇਰੇ 11 ਵਜੇ ਸ਼ਹਿਜਾਦਪੁਰ ਅਨਾਜ ਮੰਡੀ ਵਿਖੇ ਇਕ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿਜ਼ੋਰਮ ਦੇ ਮਾਣਯੋਗ ਰਾਜਪਾਲ ਜਨਰਲ ਵਿਜੇ ਕੁਮਾਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ | ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਪ੍ਰੋਗਰਾਮ ਲਈ ਬੈਠਣ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਅੱਗੇ ਕਿਹਾ ਕਿ ਭਾਈਚਾਰੇ ਦੇ ਨਾਲ-ਨਾਲ ਆਮ ਜਨਤਾ ਵੀ ਇਸ ਰਾਜ ਪੱਧਰੀ ਪ੍ਰੋਗਰਾਮ ਪ੍ਰਤੀ ਬਹੁਤ ਉਤਸ਼ਾਹਿਤ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮਾਜਰਾ ਪਿੰਡ 'ਚ ਮਹਾਰਾਣਾ ਪ੍ਰਤਾਪ ਦੀ ਇਕ ਮੂਰਤੀ ਦਾ ਉਦਘਾਟਨ ਵੀ ਕਰਨਗੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਹਾਨ ਸ਼ਖ਼ਸੀਅਤਾਂ ਦੇ ਜਨਮ ਦਿਹਾੜੇ ਨੂੰ ਸਨਮਾਨ ਨਾਲ ਮਨਾਉਣ ਲਈ ਕੰਮ ਕਰ ਰਹੀ ਹੈ | ਐਤਵਾਰ ਨੂੰ ਸ਼ਹਿਜਾਦਪੁਰ ਅਨਾਜ ਮੰਡੀ ਵਿਖੇ ਹੋਣ ਵਾਲੇ ਰਾਜ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ | ਵਰਕਰ ਪ੍ਰੋਗਰਾਮ ਦੇ ਸਫਲ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ | ਇਸੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਅਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਵੀ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਪ੍ਰੋਗਰਾਮ ਦੇ ਸਫਲ ਪ੍ਰਬੰਧਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਸਾਬਕਾ ਵਿਧਾਇਕ ਡਾ. ਪਵਨ ਸੈਣੀ, ਜ਼ਿਲ੍ਹਾ ਜਨਰਲ ਸਕੱਤਰ ਕਰਮਵੀਰ ਗੋਲਡੀ, ਮੰਡਲ ਪ੍ਰਧਾਨ ਵਿਕਰਮ ਰਾਣਾ, ਮਾਰਕੀਟ ਕਮੇਟੀ ਸ਼ਹਿਜ਼ਾਦਪੁਰ ਦੇ ਚੇਅਰਮੈਨ ਗੋਪਾਲ ਮਿੱਤਲ, ਨਾਰਾਇਣਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਰਾਣਾ ਕੁਰਾਲੀ, ਸੀ. ਐਮ ਵਿੰਡੋ ਦੇ ਉੱਘੇ ਵਿਅਕਤੀ ਜਸਵਿੰਦਰ ਸਿੰਘ ਬਖਤੂਵਾ, ਵਾਈਸ ਚੇਅਰਮੈਨ ਜਗਦੀਪ ਰਾਣਾ, ਗੁਰਵਿੰਦਰ ਸ਼ਰਮਾ ਤੇ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ |