ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਫੂਲਕਾਂ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਤੇ ਬਾਹਰੀਂ ਦੀ ਪ੍ਰੀਖਿਆ 'ਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਪਿੰਡ ਦੀ ਪੰਚਾਇਤ ਤੇ ਸਕੂਲ ਸਟਾਫ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਦੇਵਕੀ ਨੰਦਨ ਨੇ ਕਿਹਾ ਕਿ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 12ਵੀਂ ਜਮਾਤ ਵਿੱਚ ਸਕੂਲ ਦੇ 18 ਵਿਦਿਆਰਥੀਆਂ ਨੇ ਮੈਰਿਟ ਪ੍ਰਾਪਤ ਕੀਤੀ | ਨਾਨ-ਮੈਡੀਕਲ ਵਿੱਚ ਧੀਰਜ ਕੁਮਾਰ ਨੇ 87.8 ਪ੍ਰਤੀਸ਼ਤ, ਦੀਕਸ਼ਾ ਰਾਣੀ ਨੇ 81.6 ਪ੍ਰਤੀਸ਼ਤ ਅਤੇ ਸੁਮਨ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਮੈਡੀਕਲ ਵਿੱਚ ਰਿਧੀ ਨੇ 90.8 ਪ੍ਰਤੀਸ਼ਤ, ਸੀਮਾ ਰਾਣੀ ਨੇ 87.6 ਪ੍ਰਤੀਸ਼ਤ ਅਤੇ ਸੌਰਭ ਨੇ 87 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਆਰਟਸ ਵਿੱਚ ਅੰਕਿਤ ਨੇ 87.4 ਪ੍ਰਤੀਸ਼ਤ, ਪ੍ਰਦੀਪ ਕੁਮਾਰ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਨਿਤੀਸ਼ ਨੇ ਸਕੂਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ | 10ਵੀਂ ਜਮਾਤ ਵਿੱਚ ਅੱਠ ਵਿਦਿਆਰਥੀਆਂ ਨੇ ਵੀ ਮੈਰਿਟ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਦੀਪਾਲੀ, 89.2 ਪ੍ਰਤੀਸ਼ਤ, ਦੁਰਗਾ, 87.4 ਪ੍ਰਤੀਸ਼ਤ ਅਤੇ ਖੁਸ਼ਦੀਪ ਅਤੇ ਮੀਨਾਕਸ਼ੀ, 86 ਪ੍ਰਤੀਸ਼ਤ ਸ਼ਾਮਿਲ ਹਨ | ਪਿ੍ੰਸੀਪਲ ਦੇਵਕੀ ਨੰਦਨ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਇੱਕ ਪੁਰਸਕਾਰ ਸਮਾਰੋਹ ਕੀਤਾ ਗਿਆ, ਜਿੱਥੇ ਹੋਣਹਾਰ ਵਿਦਿਆਰਥੀਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਬਾਅਦ ਵਿੱਚ, ਪਿੰਡ ਵਿੱਚ ਟਰੈਕਟਰ-ਟਰਾਲੀ ਰਾਹੀਂ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ |